Mumbai: ਪੁਣੇ ਜ਼ਿਲ੍ਹੇ ਦੇ ਕੋਥਰੂਡ ਦੇ ਇਰੰਡਵਣੇ ਇਲਾਕੇ ’ਚ ਜ਼ੀਕਾ ਵਾਇਰਸ ਤੋਂ ਪੀੜਤ ਦੋ ਮਰੀਜ਼ ਮਿਲੇ ਹਨ, ਜਿਨ੍ਹਾਂ ਵਿੱਚ ਇਕ 43 ਸਾਲਾ ਡਾਕਟਰ ਅਤੇ ਉਸਦੀ 13 ਸਾਲਾ ਬੇਟੀ ਸ਼ਾਮਲ ਹੈ। ਪੁਣੇ ਨਗਰ ਨਿਗਮ ਦੀ ਟੀਮ ਇਨ੍ਹਾਂ ਦੋਵਾਂ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਵੀ ਮੈਡੀਕਲ ਜਾਂਚ ਕਰ ਰਹੀ ਹੈ। ਆਮ ਨਾਗਰਿਕਾਂ ਨੂੰ ਵੀ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।
ਕੋਥਰੂਡ ਇਲਾਕੇ ਦੇ ਰਹਿਣ ਵਾਲੇ ਡਾਕਟਰ ਨੂੰ ਬੁਖਾਰ ਦੇ ਨਾਲ-ਨਾਲ ਲਾਲ ਧੱਫੜ ਦੇ ਲੱਛਣ ਦਿਖੇ ਸਨ। ਇਸ ਕਾਰਨ ਉਨ੍ਹਾਂ ਦੇ ਖੂਨ ਦੇ ਨਮੂਨੇ ਨੂੰ 18 ਜੂਨ ਨੂੰ ਜਾਂਚ ਲਈ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੋਜੀ ਭੇਜਿਆ ਗਿਆ ਸੀ। 20 ਜੂਨ ਨੂੰ ਉਨ੍ਹਾਂ ਦੇ ਖੂਨ ਦੇ ਨਮੂਨੇ ਜ਼ੀਕਾ ਵਾਇਰਸ ਨਾਲ ਸੰਕਰਮਿਤ ਹੋਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਡਾਕਟਰ ਦੀ ਬੇਟੀ ਵਿੱਚ ਵੀ ਜ਼ੀਕਾ ਵਾਇਰਸ ਦੇ ਹਲਕੇ ਲੱਛਣ ਦੇਖੇ ਗਏ। ਉਸਦੇ ਖੂਨ ਦੇ ਨਮੂਨੇ ਵੀ ਜਾਂਚ ਲਈ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੋਜੀ ਨੂੰ ਭੇਜੇ ਗਏ ਸਨ। ਰਿਪੋਰਟ ਤੋਂ ਬਾਅਦ, ਉਹ ਵੀ ਜ਼ੀਕਾ ਨਾਲ ਸੰਕਰਮਿਤ ਪਾਈ ਗਈ। ਉਸਦੇ ਸੰਪਰਕ ਵਿਚ ਆਏ ਹੋਰ ਲੋਕਾਂ ਵਿਚ ਅਜੇ ਤੱਕ ਇਨਫੈਕਸ਼ਨ ਦੇ ਕੋਈ ਲੱਛਣ ਨਹੀਂ ਦਿਖਾਈ ਦਿੱਤੇ, ਪਰ ਸਿਹਤ ਵਿਭਾਗ ਉਨ੍ਹਾਂ ‘ਤੇ ਤਿੱਖੀ ਨਜ਼ਰ ਰੱਖ ਰਿਹਾ ਹੈ।
ਹਿੰਦੂਸਥਾਨ ਸਮਾਚਾਰ