NEET-UG Re-Test: ਦੇਸ਼ ਭਰ ‘ਚ ਚੱਲ ਰਹੇ ਵਿਵਾਦ ਅਤੇ ਜਾਂਚ ਦੇ ਵਿਚਕਾਰ ਐਤਵਾਰ ਨੂੰ ਜਿਨ੍ਹਾਂ 7 ਕੇਂਦਰਾਂ ‘ਤੇ 1563 ਉਮੀਦਵਾਰਾਂ ਲਈ ਨੀਟ-ਯੂਜੀ ਦੀ ਪ੍ਰੀਖਿਆ ਦੁਬਾਰਾ ਲਈ ਗਈ, ਜਿਸ ‘ਚ 48 ਫੀਸਦੀ ਵਿਦਿਆਰਥੀ ਹਾਜ਼ਰ ਨਹੀਂ ਹੋਏ। ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ, ਨੀਟ ਯੂਜੀ ਪ੍ਰੀਖਿਆ ਵਿੱਚ ਜਿਨ੍ਹਾਂ 1563 ਉਮੀਦਵਾਰਾਂ ਨੇ ਗ੍ਰੇਸ ਅੰਕ ਪ੍ਰਾਪਤ ਕੀਤੇ ਸਨ, ਨੇ ਮੁੜ ਪ੍ਰੀਖਿਆ ਵਿੱਚ ਸ਼ਾਮਲ ਹੋਣਾ ਸੀ।
ਨੈਸ਼ਨਲ ਟੈਸਟਿੰਗ ਏਜੰਸੀ (NTA) ਵੱਲੋਂ ਦੱਸਿਆ ਗਿਆ ਕਿ ਐਤਵਾਰ, 23 ਜੂਨ ਨੂੰ ਦੇਸ਼ ਦੇ 7 ਕੇਂਦਰਾਂ ‘ਤੇ 1563 ਵਿਦਿਆਰਥੀਆਂ ਲਈ ਦੁਬਾਰਾ ਨੀਟ-ਯੂਜੀ ਪ੍ਰੀਖਿਆ ਲਈ ਗਈ। ਇਨ੍ਹਾਂ ਵਿਚੋਂ ਕੁੱਝ ਕੇਂਦਰਾਂ ’ਤੇ ਇੱਕ ਵੀ ਵਿਦਿਆਰਥੀ ਪੇਪਰ ਦੇਣ ਲਈ ਨਹੀਂ ਪੁੱਜਿਆ। ਕੁੱਲ 48 ਫੀਸਦੀ ਵਿਦਿਆਰਥੀ ਪ੍ਰੀਖਿਆ ਦੇਣ ਲਈ ਨਹੀਂ ਆਏ। ਐਨਟੀਏ ਦੇ ਅੰਕੜਿਆਂ ਅਨੁਸਾਰ, ਕੁੱਲ 1,563 ਵਿਦਿਆਰਥੀਆਂ ਵਿੱਚੋਂ, 813 (52 ਫੀਸਦੀ) ਮੁੜ ਪ੍ਰੀਖਿਆ ਲਈ ਹਾਜ਼ਰ ਹੋਏ ਅਤੇ 750 ਵਿਦਿਆਰਥੀ ਪ੍ਰੀਖਿਆ ਵਿੱਚ ਸ਼ਾਮਲ ਨਹੀਂ ਹੋਏ। ਛੱਤੀਸਗੜ੍ਹ, ਗੁਜਰਾਤ, ਹਰਿਆਣਾ, ਮੇਘਾਲਿਆ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਵਿੱਚ ਸੱਤ ਪ੍ਰੀਖਿਆ ਕੇਂਦਰ ਖੋਲ੍ਹੇ ਗਏ ਸਨ।
ਇਨ੍ਹਾਂ ਕੇਂਦਰਾਂ ਵਿੱਚ ਚੰਡੀਗੜ੍ਹ ਵਿੱਚ ਦੋ ਉਮੀਦਵਾਰਾਂ ਨੇ ਸ਼ਾਮਲ ਹੋਣਾ ਸੀ, ਜਿਸ ਵਿੱਚ ਦੋਵੇਂ ਗੈਰ-ਹਾਜ਼ਰ ਰਹੇ। ਗੁਜਰਾਤ ‘ਚ 1 ਉਮੀਦਵਾਰ ਨੇ ਪੇਸ਼ ਹੋਣਾ ਸੀ, ਉਹ ਮੌਜੂਦ ਰਹੇ। ਹਰਿਆਣਾ ਵਿੱਚ 494 ਉਮੀਦਵਾਰਾਂ ਨੇ ਪ੍ਰੀਖਿਆ ’ਚ ਸ਼ਾਮਲ ਹੋਣਾ ਸੀ, ਜਿਨ੍ਹਾਂ ਵਿੱਚੋਂ 287 ਮੁੜ ਪ੍ਰੀਖਿਆ ਲਈ ਹਾਜ਼ਰ ਹੋਏ ਅਤੇ 207 ਗੈਰ ਹਾਜ਼ਰ ਰਹੇ। ਮੇਘਾਲਿਆ ਵਿੱਚ 494 ਉਮੀਦਵਾਰਾਂ ਨੇ ਮੁੜ ਪ੍ਰੀਖਿਆ ਲਈ ਹਾਜ਼ਰ ਹੋਣਾ ਸੀ, ਜਿਨ੍ਹਾਂ ਵਿੱਚੋਂ 230 ਗੈਰ ਹਾਜ਼ਰ ਅਤੇ 234 ਉਮੀਦਵਾਰ ਮੁੜ ਪ੍ਰੀਖਿਆ ਲਈ ਹਾਜ਼ਰ ਹੋਏ।
ਹਿੰਦੂਸਥਾਨ ਸਮਾਚਾਰ