Washington DC: ਭਾਰਤ ਅਤੇ ਪਾਕਿਸਤਾਨ ਵਿਚਾਲੇ ਸਿੱਧੀ ਗੱਲਬਾਤ ਦੀ ਹਿਮਾਇਤ ਕਰਦੇ ਹੋਏ ਅਮਰੀਕਾ ਨੇ ਕਿਹਾ ਹੈ ਕਿ ਦੋਵੇਂ ਦੇਸ਼ ਸਿੱਧੀ ਗੱਲਬਾਤ ਦੀ ਦਿਸ਼ਾ ਖੁਦ ਤੈਅ ਕਰਨਗੇ। ਅਮਰੀਕਾ ਨੇ ਭਾਰਤ ਅਤੇ ਪਾਕਿਸਤਾਨ ਨਾਲ ਸਬੰਧਾਂ ਨੂੰ ਮਹੱਤਵ ਦੇਣ ਦੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ।
ਵੀਰਵਾਰ ਨੂੰ ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਇਕ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਅਸੀਂ ਭਾਰਤ-ਪਾਕਿਸਤਾਨ ਦੋਵਾਂ ਦੇ ਨਾਲ ਸਬੰਧਾਂ ਨੂੰ ਮਹੱਤਵ ਦਿੰਦੇ ਹੋਏ ਦੋਵਾਂ ਦੇਸ਼ਾਂ ਵਿਚਾਲੇ ਸਿੱਧੀ ਗੱਲਬਾਤ ਦਾ ਸਮਰਥਨ ਕਰਦੇ ਹਾਂ। ਉਨ੍ਹਾਂ ਕਿਹਾ ਕਿ ਅਮਰੀਕਾ-ਭਾਰਤ ਦੇ ਨੇੜਲੇ ਆਰਥਿਕ ਅਤੇ ਸੱਭਿਆਚਾਰਕ ਸਬੰਧ ਹਨ। ਦੋਵੇਂ ਦੇਸ਼ ਇੰਡੋ-ਪੈਸੀਫਿਕ ਰਣਨੀਤੀ ‘ਤੇ ਕੰਮ ਕਰਨ ਵਾਲੇ ਹਿੱਸੇਦਾਰ ਬਣੇ ਰਹਿਣਗੇ।
ਦਰਅਸਲ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਤੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੀਜੇ ਕਾਰਜਕਾਲ ਦੀ ਵਧਾਈ ਦੇਣ ‘ਤੇ ਅਮਰੀਕਾ ਦੀ ਪ੍ਰਤੀਕਿਰਿਆ ਬਾਰੇ ਪੁੱਛਿਆ ਗਿਆ ਸੀ।
ਜ਼ਿਕਰਯੋਗ ਹੈ ਕਿ 10 ਜੂਨ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਨਰਿੰਦਰ ਮੋਦੀ ਨੂੰ ਲਗਾਤਾਰ ਤੀਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ‘ਤੇ ਵਧਾਈ ਦਿੱਤੀ ਸੀ। ਨਾਲ ਹੀ, ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਵੀ ਮੋਦੀ ਨੂੰ ਵਧਾਈ ਦਿੱਤੀ ਸੀ ਅਤੇ ਕਿਹਾ ਸੀ ਕਿ ਹਾਲ ਹੀ ਦੀਆਂ ਚੋਣਾਂ ਵਿੱਚ ਭਾਜਪਾ ਦੀ ਸਫਲਤਾ ਮੋਦੀ ਦੀ ਅਗਵਾਈ ਵਿੱਚ ਲੋਕਾਂ ਦੇ ਵਿਸ਼ਵਾਸ ਨੂੰ ਦਰਸਾਉਂਦੀ ਹੈ, ਜਿਸਦੇ ਜਵਾਬ ਵਿੱਚ ਪੀਐਮ ਮੋਦੀ ਨੇ ਐਕਸ ‘ਤੇ ਪੋਸਟ ਕਰਕੇ ਦੋਵਾਂ ਦਾ ਧੰਨਵਾਦ ਕੀਤਾ।
ਹਿੰਦੂਸਥਾਨ ਸਮਾਚਾਰ