Shimla: ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦੇ ਜੁੱਬਲ ਇਲਾਕੇ ਵਿੱਚ ਸ਼ੁੱਕਰਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਐੱਚਆਰਟੀਸੀ ਦੀ ਬੱਸ ਜੁੱਬਲ ਥਾਣਾ ਖੇਤਰ ਅਧੀਨ ਪੈਂਦੇ ਗਿਲਟਾਡੀ ਇਲਾਕੇ ਵਿੱਚ ਡੂੰਘੀ ਖਾਈ ਵਿੱਚ ਡਿੱਗ ਗਈ। ਇਸੇ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ। ਦੋ ਯਾਤਰੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਬੱਸ ਦੇ ਡਰਾਈਵਰ ਅਤੇ ਕੰਡਕਟਰ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ। ਬੱਸ ਵਿੱਚ ਪੰਜ ਤੋਂ ਸੱਤ ਲੋਕ ਸਵਾਰ ਸਨ।
ਇਹ ਹਾਦਸਾ ਸਵੇਰੇ ਸੱਤ ਵਜੇ ਦੇ ਕਰੀਬ ਉਸ ਸਮੇਂ ਵਾਪਰਿਆ ਜਦੋਂ ਐੱਚਆਰਟੀਸੀ ਬੱਸ ਕੁਡੂ ਤੋਂ ਗਿਲਟਾਡੀ ਜਾ ਰਹੀ ਸੀ ਜਦੋਂ ਗਿਲਟਾਡੀ ਨੇੜੇ ਚੁਆਰੀ ਕੈਂਚੀ ਵਿਖੇ ਡਰਾਈਵਰ ਕੰਟਰੋਲ ਗੁਆ ਬੈਠਾ ਅਤੇ ਬੱਸ ਰੇਲਿੰਗ ਤੋੜ ਕੇ ਕਰੀਬ 200 ਮੀਟਰ ਹੇਠਾਂ ਦੂਜੀ ਸੜਕ ’ਤੇ ਜਾ ਡਿੱਗੀ। ਇੱਥੇ ਬੱਸ ਪੈਰਫਿਟ ‘ਤੇ ਫਸ ਗਈ ਅਤੇ ਹੇਠਾਂ ਨਦੀ ‘ਚ ਡਿੱਗਣ ਤੋਂ ਬਚ ਗਈ। ਸਥਾਨਕ ਲੋਕਾਂ ਨੇ ਹਾਦਸੇ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਨੇ ਸਥਾਨਕ ਲੋਕਾਂ ਨਾਲ ਮਿਲ ਕੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ ਅਤੇ ਹਾਦਸੇ ‘ਚ ਮਾਰੇ ਗਏ ਲੋਕਾਂ ਅਤੇ ਜ਼ਖਮੀਆਂ ਨੂੰ ਖਾਈ ‘ਚੋਂ ਬਾਹਰ ਕੱਢਿਆ।
ਜੁੱਬਲ ਥਾਣਾ ਇੰਚਾਰਜ ਨੇ ਦੱਸਿਆ ਕਿ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿੱਚ ਡਰਾਈਵਰ ਅਤੇ ਕੰਡਕਟਰ ਵੀ ਸ਼ਾਮਲ ਹਨ। ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਜ਼ਖਮੀਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ ਅਤੇ ਉਨ੍ਹਾਂ ਨੂੰ ਸਿਵਲ ਹਸਪਤਾਲ ਰੋਹੜੂ ਵਿਖੇ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਜੁੱਬਲ ਪ੍ਰਸ਼ਾਸਨ ਨੇ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਜ਼ਖਮੀਆਂ ਨੂੰ ਤੁਰੰਤ ਰਾਹਤ ਪ੍ਰਦਾਨ ਕੀਤੀ ਹੈ।
ਹਿੰਦੂਸਥਾਨ ਸਮਾਚਾਰ