Jagraon: ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਕੀਤੇ ਭਾਈ ਅੰਮ੍ਰਿਤਪਾਲ ਸਿੰਘ ਤੇ ਉਸਦੇ ਸਾਥੀਆਂ ਤੇ ਲੱਗੀ ਐਨ ਐਸ ਏ ਵਿਚ ਵਾਧਾ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਗਰੇਵਾਲ ਨੇ ਕਿਹਾ ਕੇਜਰੀਵਾਲ ਦੇ ਇਸ਼ਾਰੇ ਤੇ ਭਗਵੰਤ ਮਾਨ ਸਿੱਖ ਨੌਜਵਾਨਾਂ ਨਾਲ ਧੱਕੇਸ਼ਾਹੀ ਕਰ ਰਿਹਾ ਹੈ, ਜੋ ਬਰਦਾਸ਼ਤ ਨਹੀਂ ਹੈ। ਫੈਡਰੇਸ਼ਨ ਦੇ ਮੁੱਖ ਸੇਵਾਦਾਰ ਭਾਈ ਗੁਰਚਰਨ ਸਿੰਘ ਗਰੇਵਾਲ, ਭਾਈ ਪਰਮਜੀਤ ਸਿੰਘ ਧਰਮ ਸਿੰਘ ਵਾਲਾ, ਦਿਲਬਾਗ ਸਿੰਘ ਵਿਰਕ, ਗੁਰਬਖਸ਼ ਸਿੰਘ ਸੇਖੋਂ ਆਦਿ ਨੇ ਜਾਰੀ ਇਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਕੇਂਦਰ ਸਰਕਾਰ ਵਾਂਗ ਪੰਜਾਬ ਸਰਕਾਰ ਵੀ ਸਿੱਖ ਨੌਜਵਾਨੀ ਨੂੰ ਜੇਲਾਂ ਵਿੱਚ ਰੋਲਣ ਤੇ ਉੱਤਰ ਆਈ ਹੈ,ਜੋ ਅਤਿ ਨਿੰਦਣਯੋਗ ਹੈ।
ਇਹਨਾਂ ਆਗੂਆਂ ਨੇ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਦਿੱਲੀ ਬੈਠੀਆ ਰਾਜਸੀ ਸ਼ਕਤੀਆਂ ਕਦੇ ਵੀ ਸਿੱਖ ਹਿਤੈਸ਼ੀ ਨਹੀਂ ਹੋਈਆਂ ਤੇ ਸਿਖਾਂ ਨੂੰ ਸਬਜ਼ਬਾਗ ਵਿਖਾ ਕੇ ਸੱਤਾ ਵਿਚ ਆਈ ਆਮ ਆਦਮੀ ਪਾਰਟੀ ਪਹਿਲਾਂ ਹੀ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਅੜਿੱਕਾ ਬਣਦੀ ਆ ਰਹੀ ਹੈ ਤੇ ਹੁਣ ਬਿਨਾਂ ਕਿਸੇ ਕਸੂਰ ਡਿਬਰੂਗੜ੍ਹ ਜੇਲ੍ਹ ਬੰਦ ਕੀਤੇ ਇਹਨਾਂ ਨੌਜਵਾਨਾਂ ਨੂੰ ਰਿਹਾਅ ਕਰਨ ਦੀ ਬਜਾਏ ਸਗੋਂ ਉਹਨਾਂ ਦੀ ਨਜ਼ਰਬੰਦੀ ਚ ਵਾਧਾ ਕਰਕੇ ਸਿੱਖ ਵਿਰੋਧੀ ਹੋਣ ਦਾ ਸਬੂਤ ਦੇ ਰਹੀ ਹੈ, ਜਿਸ ਦਾ ਸਮੁੱਚਾ ਖਾਲਸਾ ਪੰਥ ਵਿਰੋਧ ਕਰ ਰਿਹਾ ਹੈਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਇਹਨਾਂ ਆਗੂਆਂ ਨੇ ਭਗਵੰਤ ਮਾਨ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਫੇਲ੍ਹ ਹੋਣ ਕਰਕੇ ਮਹੌਲ ਖਰਾਬ ਕਰਨ ਦੀਆਂ ਸਾਜ਼ਿਸ਼ਾਂ ਰਚਨ ਤੋ ਬਾਜ ਆਵੇ ਤੇ ਲੋਕ ਫਤਵੇ ਨੂੰ ਮੰਨਦਿਆਂ ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਵੱਲ ਧਿਆਨ ਦਿੰਦਿਆਂ ਇਹਨਾਂ ਨੌਜਵਾਨਾਂ ਨੂੰ ਬਾਇੱਜ਼ਤ ਰਿਹਾ ਕਰਨ ਦਾ ਐਲਾਨ ਕਰੇ।
ਹਿੰਦੂਸਥਾਨ ਸਮਾਚਾਰ