Chandigarh: ਕਿਸਾਨਾਂ ਨੇ ਕੇਂਦਰ ਸਰਕਾਰ ਦੇ 14 ਫਸਲਾਂ ‘ਤੇ ਘੱਟੋ-ਘੱਟ ਵਿਕਰੀ ਮੁੱਲ (ਐੱਮ. ਐੱਸ. ਪੀ.) ਵਧਾਉਣ ਦੇ ਫੈਸਲੇ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਕੇਂਦਰ ਵੱਲੋਂ ਫ਼ਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਵਧਾਉਣ ਦੇ ਐਲਾਨ ਤੋਂ ਬਾਅਦ ਕਿਸਾਨਾਂ ਨੇ ਚੰਡੀਗੜ੍ਹ ਕਿਸਾਨ ਭਵਨ ਵਿਖੇ ਪ੍ਰੈੱਸ ਕਾਨਫਰੰਸ ਸੱਦੀ ਹੈ। ਇਸ ਦੇ ਨਾਲ ਹੀ ਮੰਗਾਂ ਪੂਰੀਆਂ ਨਾ ਹੋਣ ਤੱਕ ਧਰਨਾ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ ਹੈ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਕੱਲ੍ਹ 14 ਫ਼ਸਲਾਂ ’ਤੇ ਘੱਟੋ-ਘੱਟ ਸਮਰਥਨ ਮੁੱਲ ਵਧਾ ਦਿੱਤਾ ਗਿਆ ਹੈ। ਹਰ 6 ਮਹੀਨੇ ਬਾਅਦ ਐੱਮ. ਐੱਸ. ਪੀ. ਵਧਾਇਆ ਜਾ ਰਿਹਾ ਹੈ। ਪਰ ਉਸ ਵਧੇ ਹੋਏ ਐੱਮ. ਐੱਸ. ਪੀ. ‘ਤੇ ਖਰੀਦ ਕਰਨਾ ਸਭ ਤੋਂ ਵੱਡਾ ਮੁੱਦਾ ਹੈ। ਇਸ ਦੇ ਲਈ ਕਿਸਾਨ ਕਾਨੂੰਨੀ ਗਾਰੰਟੀ ਕਾਨੂੰਨ ਦੀ ਮੰਗ ਕਰ ਰਹੇ ਹਨ। ਝੋਨੇ ਦੀ ਖਰੀਦ ‘ਤੇ ਕੀਤਾ ਗਿਆ 117 ਰੁਪਏ ਦਾ ਵਾਧਾ, ਕੀ ਕਿਸਾਨਾਂ ਦਾ ਇਸ ਨਾਲ ਗੁਜ਼ਾਰਾ ਹੋ ਸਕੇਗਾ। ਅਸੀਂ ਇਸ ਬਾਰੇ ਚਰਚਾ ਦਾ ਸੱਦਾ ਦੇ ਰਹੇ ਹਾਂ ਕਿ ਸਾਡੀ ਲਾਗਤ ਅਤੇ ਖਰਚੇ ਕੀ ਹਨ।
ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਮੰਗਾਂ ਨਾ ਮੰਨੇ ਜਾਣ ਤੱਕ ਧਰਨਾ ਜਾਰੀ ਰਹੇਗਾ। ਅੱਜ 12 ਵਜੇ ਕਿਸਾਨ ਭਵਨ ਵਿੱਚ ਦੋਵੇਂ ਮੰਚ ਕਿਸਾਨ ਸਾਂਝਾ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇਸ ਬਾਰੇ ਵਿਚਾਰ-ਵਟਾਂਦਰਾ ਕਰਨਗੇ ਅਤੇ ਆਪਣੇ ਅਗਲੇ ਪ੍ਰੋਗਰਾਮ ਵੀ ਪ੍ਰੈਸ ਦੇ ਸਾਹਮਣੇ ਰੱਖਣਗੇ।
ਪੰਧੇਰ ਨੇ ਸਪੱਸ਼ਟ ਕਿਹਾ ਕਿ ਅੱਜ ਕਿਸੇ ਵੀ ਕਿਸਾਨ ਵਲੋਂ ਰੇਲ ਗੱਡੀਆਂ ਨਹੀਂ ਰੋਕੀਆਂ ਜਾਣਗੀਆਂ। ਕੇਂਦਰੀ ਏਜੰਸੀਆਂ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਬਦਨਾਮ ਕਰਨ ਲਈ ਇਹ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ। ਅੱਜ ਪ੍ਰੈਸ ਕਾਨਫਰੰਸ ਕਰਕੇ ਕਿਸਾਨਾਂ ਦੇ ਅਗਲੇ ਪ੍ਰੋਗਰਾਮਾਂ ਦਾ ਐਲਾਨ ਕੀਤਾ ਜਾਵੇਗਾ।
ਹਿੰਦੂਸਥਾਨ ਸਮਾਚਾਰ