Assam: ਕਰੀਮਗੰਜ ਜ਼ਿਲ੍ਹੇ ਦੇ ਬਦਰਪੁਰ ਥਾਣਾ ਅਧੀਨ ਪੈਂਦੇ ਪਿੰਡ ਐਂਗਲਰਬਾਜ਼ਾਰ ਬੇਂਡਰਗੁਲ ‘ਚ ਮੰਗਲਵਾਰ ਰਾਤ ਨੂੰ ਢਿੱਗਾਂ ਡਿੱਗਣ ਕਾਰਨ ਇਕ ਹੀ ਪਰਿਵਾਰ ਦੀ ਔਰਤ ਅਤੇ ਚਾਰ ਬੱਚਿਆਂ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ।
ਘਟਨਾ ਦੇ ਸਮੇਂ ਅਬਦੁਲ ਕਰੀਮ ਦੂਜੇ ਕਮਰੇ ਵਿੱਚ ਸੌਂ ਰਿਹਾ ਸੀ। ਉੱਚੀ ਆਵਾਜ਼ ਸੁਣ ਕੇ ਉਹ ਜਾਗ ਗਿਆ ਅਤੇ ਪਿੰਡ ਦੇ ਲੋਕ ਇਕੱਠੇ ਹੋ ਗਏ। ਇਸ ਦੌਰਾਨ ਮਸਜਿਦ ਦੇ ਇਮਾਮ ਨੇ ਮਾਈਕ ‘ਤੇ ਘਟਨਾ ਦਾ ਐਲਾਨ ਕੀਤਾ ਅਤੇ ਸਾਰਿਆਂ ਨੂੰ ਮਦਦ ਲਈ ਬੁਲਾਇਆ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਬਦਰਪੁਰ ਦੀ ਪੁਲਿਸ ਬੁੱਧਵਾਰ ਰਾਤ ਕਰੀਬ 2 ਵਜੇ ਆਪਦਾ ਪ੍ਰਭਾਵਿਤ ਪਿੰਡ ਪਹੁੰਚੀ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਮਲਬੇ ਦੇ ਢੇਰ ਵਿੱਚੋਂ ਅਬਦੁਲ ਕਰੀਮ ਦੀ ਪਤਨੀ, ਤਿੰਨ ਧੀਆਂ ਅਤੇ ਪੁੱਤਰ ਦੀਆਂ ਲਾਸ਼ਾਂ ਬਾਹਰ ਕੱਢੀਆਂ ਗਈਆਂ।
ਅਬਦੁਲ ਕਰੀਮ ਇਸ ਘਟਨਾ ‘ਚ ਵਾਲ-ਵਾਲ ਬਚ ਗਏ ਪਰ ਉਨ੍ਹਾਂ ਦੀ ਪਤਨੀ ਰਾਇਮੁਨ ਨੇਸਾ (55), ਬੇਟੀਆਂ ਸਾਹਿਦਾ ਖਾਨਮ (18), ਜ਼ਾਹਿਦਾ ਖਾਨਮ (16), ਹਮੀਦਾ ਖਾਨਮ (11) ਅਤੇ ਬੇਟੇ ਮਹਿੰਦੀ ਹਸਨ (3) ਦੀ ਮੌਤ ਹੋ ਗਈ। ਅਬਦੁਲ ਦੀ ਇੱਕ ਬੇਟੀ ਦੀ ਜਾਨ ਬਚ ਗਈ ਹੈ। ਮਹਿੰਦੀ ਅਬਦੁਲ ਦਾ ਇਕਲੌਤਾ ਪੁੱਤਰ ਸੀ। ਇਸ ਘਟਨਾ ਨਾਲ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਲਾਸ਼ਾਂ ਨੂੰ ਪ੍ਰਸ਼ਾਸਨਿਕ ਮੈਜਿਸਟ੍ਰ਼ੇਟ ਦੀ ਮੌਜੂਦਗੀ ਵਿੱਚ ਪੋਸਟਮਾਰਟਮ ਲਈ ਕਰੀਮਗੰਜ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਬਦਰਪੁਰ ਸਰਕਲ ਅਧਿਕਾਰੀ ਦੇ ਨਾਲ-ਨਾਲ ਪ੍ਰਸ਼ਾਸਨਿਕ ਮੈਜਿਸਟ੍ਰੇਟ, ਜ਼ਿਲ੍ਹਾ ਪੁਲਿਸ ਅਧਿਕਾਰੀ ਪੂਰੀ ਘਟਨਾ ‘ਤੇ ਨਜ਼ਰ ਰੱਖ ਰਹੇ ਹਨ।
ਹਿੰਦੂਸਥਾਨ ਸਮਾਚਾਰ