T20 World Cup 2024: ਬੰਗਲਾਦੇਸ਼ ਦੇ ਤੇਜ਼ ਗੇਂਦਬਾਜ਼ ਤੰਜ਼ੀਮ ਹਸਨ ਸ਼ਾਕਿਬ ਨੂੰ ਨੇਪਾਲ ਦੇ ਖਿਲਾਫ ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ 2024 ਦੇ ਗਰੁੱਪ ਡੀ ਮੈਚ ਦੌਰਾਨ ਆਈਸੀਸੀ ਕੋਡ ਆਫ਼ ਕੰਡਕਟ ਦੇ ਲੈਵਲ 1 ਦੀ ਉਲੰਘਣਾ ਲਈ ਇੱਕ ਡੀਮੈਰਿਟ ਪੁਆਇੰਟ ਮਿਲਿਆ ਹੈ ਅਤੇ ਉਨ੍ਹਾਂ ’ਤੇ ਮੈਚ ਫੀਸ ਦਾ 15 ਫੀਸਦੀ ਜੁਰਮਾਨਾ ਲਗਾਇਆ ਗਿਆ ਹੈ।
ਇਹ ਘਟਨਾ ਐਤਵਾਰ ਨੂੰ ਕਿੰਗਸਟਾਊਨ ਦੇ ਅਰਨੋਸ ਵੈੱਲ ਗਰਾਊਂਡ ‘ਚ ਵਾਪਰੀ। ਨੇਪਾਲ ਦੀ ਪਾਰੀ ਦੇ ਤੀਜੇ ਓਵਰ ਵਿੱਚ ਤੰਜ਼ੀਮ ਨੇ ਗੇਂਦ ਸੁੱਟੀ ਅਤੇ ਬਾਅਦ ’ਚ ਉਹ ਹਮਲਾਵਰ ਰੂਪ ਵਿੱਚ ਬੱਲੇਬਾਜ਼ ਰੋਹਿਤ ਪੌਡੇਲ ਕੋਲ ਪਹੁੰਚੇ ਅਤੇ ਅਣਉਚਿਤ ਸਰੀਰਕ ਸੰਪਰਕ ਕੀਤਾ। ਇਹ ਘਟਨਾ 24 ਮਹੀਨਿਆਂ ਦੇ ਅੰਦਰ ਤੰਜ਼ੀਮ ਹਸਨ ਸਾਕਿਬ ਵਲੋਂ ਕੀਤਾ ਗਿਆ ਪਹਿਲਾ ਅਪਰਾਧ ਹੈ।
ਤੰਜ਼ੀਮ ਨੂੰ ਆਈਸੀਸੀ ਆਚਾਰ ਸੰਹਿਤਾ ਦੀ ਧਾਰਾ 2.12 ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਗਿਆ, ਜੋ ਕਿ “ਕਿਸੇ ਖਿਡਾਰੀ, ਖਿਡਾਰੀ ਦੇ ਸਹਿਯੋਗੀ ਸਟਾਫ, ਅੰਪਾਇਰ, ਮੈਚ ਰੈਫਰੀ ਜਾਂ ਕਿਸੇ ਹੋਰ ਵਿਅਕਤੀ (ਅੰਤਰਰਾਸ਼ਟਰੀ ਮੈਚ ਦੌਰਾਨ ਦਰਸ਼ਕ ਸਮੇਤ) ਨਾਲ ਅਣਉਚਿਤ ਸਰੀਰਕ ਸੰਪਰਕ” ਨਾਲ ਸਬੰਧਤ ਹੈ।
ਇਹ ਇਲਜ਼ਾਮ ਮੈਦਾਨੀ ਅੰਪਾਇਰ ਅਹਿਸਾਨ ਰਜ਼ਾ ਅਤੇ ਸੈਮ ਨੋਗਾਜਸਕੀ ਨੇ ਲਗਾਇਆ ਸੀ, ਜਿਨ੍ਹਾਂ ਨੂੰ ਤੀਜੇ ਅੰਪਾਇਰ ਜੈਰਾਮਨ ਮਦਨਗੋਪਾਲ ਅਤੇ ਚੌਥੇ ਅੰਪਾਇਰ ਕੁਮਾਰ ਧਰਮਸੇਨਾ ਨੇ ਵੀ ਸਮਰਥਨ ਦਿੱਤਾ ਸੀ। ਤੰਜ਼ੀਮ ਨੇ ਦੋਸ਼ ਸਵੀਕਾਰ ਕੀਤਾ ਅਤੇ ਮੈਚ ਰੈਫਰੀ ਰਿਚੀ ਰਿਚਰਡਸਨ ਵਲੋਂ ਪ੍ਰਸਤਾਵਿਤ ਜੁਰਮਾਨੇ ਨੂੰ ਸਵੀਕਾਰ ਕਰ ਲਿਆ, ਜਿਸ ਨਾਲ ਰਸਮੀ ਸੁਣਵਾਈ ਦੀ ਜ਼ਰੂਰਤ ਨਹੀਂ ਪਈ।
ਹਿੰਦੂਸਥਾਨ ਸਮਾਚਾਰ