Kolkata: ਕੰਚਨਜੰਗਾ ਐਕਸਪ੍ਰੈਸ ਹਾਦਸੇ ਨੂੰ ਲੈ ਕੇ ਨਿਊ ਜਲਪਾਈਗੁੜੀ ਸਟੇਸ਼ਨ (ਐੱਨਜੇਪੀ) ਦੀ ਰੇਲਵੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ। ਪੁਲਿਸ ਸੂਤਰਾਂ ਮੁਤਾਬਕ ਇਕ ਯਾਤਰੀ ਨੇ ਇਹ ਸ਼ਿਕਾਇਤ ਦਰਜ ਕਰਵਾਈ ਹੈ। ਸੋਮਵਾਰ ਰਾਤ ਨੂੰ ਜੀਆਰਪੀ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ, ਜਿਸ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ।
ਸੋਮਵਾਰ ਸਵੇਰੇ ਫਾਂਸੀਦੇਵਾ ’ਚ ਇਕ ਮਾਲਗੱਡੀ ਨੇ ਕੰਚਨਜੰਗਾ ਐਕਸਪ੍ਰੈੱਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਜਿਸ ਕਾਰਨ ਐਕਸਪ੍ਰੈਸ ਦੇ ਪਿਛਲੇ ਪਾਸੇ ਦੀਆਂ ਬੋਗੀਆਂ ਪਟੜੀ ਤੋਂ ਉਤਰ ਗਈਆਂ। ਇਸ ਹਾਦਸੇ ‘ਚ ਹੁਣ ਤੱਕ 10 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਈ ਹੋਰ ਜ਼ਖਮੀ ਹੋਏ ਹਨ। ਇਨ੍ਹਾਂ ਸਾਰਿਆਂ ਦਾ ਉੱਤਰੀ ਬੰਗਾਲ ਮੈਡੀਕਲ ਕਾਲਜ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ।
ਜ਼ਖਮੀ ਯਾਤਰੀਆਂ ‘ਚੋਂ ਇਕ ਨੇ ਸੋਮਵਾਰ ਨੂੰ ਰੇਲਵੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਲਾਪਰਵਾਹੀ ਅਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਸਮੇਤ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਉਸ ਸ਼ਿਕਾਇਤ ਦੇ ਆਧਾਰ ‘ਤੇ ਜਾਂਚ ਕਰੇਗੀ।
ਘਟਨਾ ਦੀ ਰੇਲਵੇ ਪੁਲਿਸ ਦੇ ਨਾਲ-ਨਾਲ ਰੇਲਵੇ ਵੱਲੋਂ ਵੀ ਜਾਂਚ ਕੀਤੀ ਜਾਵੇਗੀ। ਇਹ ਜਾਂਚ ਉੱਤਰ ਪੂਰਬੀ ਰੇਲਵੇ ਦੇ ਮੁੱਖ ਸੁਰੱਖਿਆ ਕਮਿਸ਼ਨਰ ਜਨਕ ਕੁਮਾਰ ਗਰਗ ਦੀ ਨਿਗਰਾਨੀ ਹੇਠ ਹੋਵੇਗੀ। ਇਹ ਜਾਂਚ ਪ੍ਰਕਿਰਿਆ ਬੁੱਧਵਾਰ ਯਾਨੀ 19 ਜੂਨ ਤੋਂ ਸ਼ੁਰੂ ਹੋਵੇਗੀ। ਉੱਤਰ ਪੂਰਬੀ ਰੇਲਵੇ ਨੇ ਕਿਹਾ ਕਿ ਜੇਕਰ ਆਮ ਲੋਕਾਂ ਨੂੰ ਹਾਦਸੇ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਜਾਂਚ ਕਮਿਸ਼ਨ ਨੂੰ ਸੂਚਿਤ ਕਰ ਸਕਦੇ ਹਨ। ਕਮਿਸ਼ਨ ਨਿਊ ਜਲਪਾਈਗੁੜੀ ਸਟੇਸ਼ਨ ‘ਤੇ ਏਡੀਆਰਐਮ (ਐਡੀਸ਼ਨਲ ਡਿਵੀਜ਼ਨਲ ਰੇਲਵੇ ਮੈਨੇਜਰ) ਦੇ ਦਫ਼ਤਰ ਵਿੱਚ ਬੈਠੇਗਾ। ਇਸ ਤੋਂ ਇਲਾਵਾ ਰੇਲਵੇ ਨੇ ਇਹ ਵੀ ਕਿਹਾ ਕਿ ਇਸ ਹਾਦਸੇ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਸਿੱਧੇ ਸੁਰੱਖਿਆ ਕਮਿਸ਼ਨਰ ਨੂੰ ਪੱਤਰ ਭੇਜ ਕੇ ਦਿੱਤੀ ਜਾ ਸਕਦੀ ਹੈ।
ਹਿੰਦੂਸਥਾਨ ਸਮਾਚਾਰ