Bhubaneswar: ਓਡੀਸ਼ਾ ਦੇ ਬਾਲਾਸੋਰ ‘ਚ ਗਊ ਹੱਤਿਆ ਦੇ ਸ਼ੱਕ ਨੂੰ ਲੈ ਕੇ ਦੋ ਭਾਈਚਾਰਿਆਂ ਵਿਚਾਲੇ ਹੋਈ ਝੜਪ ਤੋਂ ਹੋ ਗਈ। ਜਿਸ ਤੋਂ ਬਾਅਦ ਹਿੰਸਾ ਭੜਕ ਗਈ ਅਕੇ ਅੱਗਜ਼ਨੀ ਦੀ ਘਟਨਾ ਵਾਪਰੀ। ਜਿਸ ਨੂੰ ਵੇਖਦੇ ਹੋਏ ਇਲਾਕੇ ਵਿੱਚ ਕਰਫਿਊ ਲਗਾ ਦਿੱਤਾ ਗਿਆ। ਇਹ ਫੈਸਲਾ ਸੋਮਵਾਰ ਦੁਪਹਿਰ ਤੋਂ ਦੇਰ ਰਾਤ ਤੱਕ ਚੱਲੇ ਹੰਗਾਮੇ ਤੋਂ ਬਾਅਦ ਵਿਗੜਦੀ ਸਥਿਤੀ ਦੇ ਮੱਦੇਨਜ਼ਰ ਲਿਆ ਗਿਆ। ਪ੍ਰਸ਼ਾਸਨ ਨੇ ਸ਼ਹਿਰ ਦੇ ਸਾਰੇ ਐਂਟਰੀ ਪੁਆਇੰਟਾਂ ਨੂੰ ਸੀਲ ਕਰ ਦਿੱਤਾ ਹੈ। ਅਗਲੇ ਹੁਕਮਾਂ ਤੱਕ ਸਾਰੀਆਂ ਦੁਕਾਨਾਂ, ਬਾਜ਼ਾਰ, ਸਕੂਲ ਅਤੇ ਕਾਲਜ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ।
ਐੱਸ.ਪੀ. (ਬਾਲਾਸੋਰ) ਸਾਗਰਿਕਾ ਨਾਥ ਦਾ ਕਹਿਣਾ ਹੈ ਕਿ ਸਥਿਤੀ ਨੂੰ ਕਾਬੂ ਕਰਨ ਲਈ ਪੂਰੇ ਸ਼ਹਿਰ ਵਿੱਚ ਅਣਮਿੱਥੇ ਸਮੇਂ ਲਈ ਕਰਫਿਊ ਲਗਾ ਦਿੱਤਾ ਗਿਆ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਘਰਾਂ ਤੋਂ ਬਾਹਰ ਨਾ ਨਿਕਲਣ। ਇੱਕ-ਦੂਜੇ ਨੂੰ ਮਾਰਨ-ਵੱਢਣ ’ਤੇ ਉਤਾਰੂ ਭੀੜ ਨੇ ਗੋਲਾਪੋਖਰੀ, ਮੋਤੀਗੰਜ ਅਤੇ ਸਿਨੇਮਾ ਚੌਕ ਵਿੱਚ ਜੰਮ੍ਹ ਕੇ ਹਿੰਸਾ ਕੀਤੀ। ਸ਼ਰਾਰਤੀ ਅਨਸਰਾਂ ਨੇ ਕਈ ਇਲਾਕਿਆਂ ‘ਚ ਤਾਂਡਵ ਕਰਦਿਆਂ ਘਰਾਂ ‘ਤੇ ਪਥਰਾਅ ਕੀਤਾ। ਪੁਲਿਸ ਨੂੰ ਸਥਿਤੀ ’ਤੇ ਕਾਬੂ ਪਾਉਣ ਲਈ ਕਾਫੀ ਮੁਸ਼ੱਕਤ ਕਰਨੀ ਪਈ। ਪੂਰਬੀ ਰੇਂਜ ਦੇ ਆਈਜੀਪੀ ਡਾ. ਦੀਪਕ ਕੁਮਾਰ ਅਤੇ ਐੱਸ. ਪੀ. ਸਾਗਰਿਕਾ ਨਾਥ ਨੇ ਹਿੰਸਾ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਹੈ। ਸਾਬਕਾ ਕੇਂਦਰੀ ਮੰਤਰੀ ਅਤੇ ਸਥਾਨਕ ਸੰਸਦ ਮੈਂਬਰ ਪ੍ਰਤਾਪ ਚੰਦਰ ਸ਼ਡੰਗੀ ਅਤੇ ਬਾਲੇਸ਼ਵਰ ਸਦਰ ਦੇ ਵਿਧਾਇਕ ਮਾਨਸ ਦੱਤ ਨੇ ਲੋਕਾਂ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ ਹੈ।
ਚਸ਼ਮਦੀਦਾਂ ਅਨੁਸਾਰ ਸੋਮਵਾਰ ਦੁਪਹਿਰ ਨੂੰ ਸੁਨਹਟ ਮੁੱਖ ਸੜਕ ਦੇ ਨਾਲ ਨਾਲੇ ਦੇ ਪਾਣੀ ਨੂੰ ਲਾਲ ਹੁੰਦੇ ਦੇਖ ਕੇ ਸਥਾਨਕ ਲੋਕਾਂ ਨੂੰ ਸ਼ੱਕ ਹੋਇਆ ਕਿ ਇਹ ਗਊਆਂ ਦਾ ਖੂਨ ਹੈ। ਇਸਨੂੰ ਦੇਖ ਕੇ ਸਥਾਨਕ ਲੋਕਾਂ ਨੇ ਨਾਰਾਜ਼ਗੀ ਜ਼ਾਹਰ ਕੀਤੀ ਅਤੇ ਰੋਸ ਪ੍ਰਦਰਸ਼ਨ ਕੀਤਾ। ਇਸ ਕਾਰਨ ਦੋਵਾਂ ਭਾਈਚਾਰਿਆਂ ਦੇ ਕੁਝ ਲੋਕਾਂ ਵਿਚਾਲੇ ਟਕਰਾਅ ਹੋ ਗਿਆ। ਇਸ ਸਬੰਧੀ ਸ਼ਿਕਾਇਤਕਰਤਾ ਵੱਲੋਂ ਸੂਚਨਾ ਮਿਲਣ ’ਤੇ ਪੁਲਿਸ ਅਤੇ ਮੀਡੀਆ ਦੇ ਨੁਮਾਇੰਦੇ ਉੱਥੇ ਪੁੱਜੇ।
ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਸੈਂਕੜੇ ਮੁਸਲਮਾਨ ਇਕੱਠੇ ਹੋ ਗਏ ਅਤੇ ਸ਼ਿਕਾਇਤਕਰਤਾਵਾਂ ‘ਤੇ ਹਮਲਾ ਕਰ ਦਿੱਤਾ। ਉਨ੍ਹਾਂ ‘ਤੇ ਪੱਥਰ ਅਤੇ ਕੱਚ ਦੀਆਂ ਬੋਤਲਾਂ ਸੁੱਟੀਆਂ । ਸਥਿਤੀ ’ਤੇ ਕਾਬੂ ਪਾਉਣ ਆਈ ਪੁਲਿਸ ਟੀਮ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਦੇ ਹਮਲੇ ਵਿੱਚ ਵਧੀਕ ਐਸਪੀ ਅਨਿਲ ਪ੍ਰਧਾਨ, ਐਸਡੀਪੀਓ ਡਾਕਟਰ ਸ਼ਸ਼ਾਂਕ ਸ਼ੇਖਰ ਬੇਉਰਾ, ਡੀਐਸਪੀ ਬ੍ਰਜਮੋਹਨ ਪ੍ਰਧਾਨ, ਦੋ ਹੋਰ ਪੁਲਿਸ ਅਧਿਕਾਰੀ ਅਤੇ ਤਿੰਨ ਕਾਂਸਟੇਬਲ ਗੰਭੀਰ ਜ਼ਖ਼ਮੀ ਹੋ ਗਏ। ਇਸ ਦੌਰਾਨ ਪਥਰਾਅ ਕਾਰਨ 10 ਤੋਂ ਵੱਧ ਬੇਕਸੂਰ ਰਾਹਗੀਰ ਜ਼ਖਮੀ ਹੋ ਗਏ। ਇੰਨਾ ਹੀ ਨਹੀਂ ਬਾਈਕ, ਸਕੂਟਰ ਅਤੇ ਚਾਰ ਪਹੀਆ ਵਾਹਨਾਂ ਨੂੰ ਰੋਕ ਕੇ ਵੀ ਹਮਲਾ ਕੀਤਾ ਗਿਆ। ਕੁਝ ਮੀਡੀਆ ਨੁਮਾਇੰਦਿਆਂ ‘ਤੇ ਹਮਲਾ ਕੀਤਾ ਗਿਆ ਅਤੇ ਉਨ੍ਹਾਂ ਦੇ ਕੈਮਰੇ ਵੀ ਤੋੜ ਦਿੱਤੇ ਗਏ। ਇਹ ਝੜਪ ਕਰੀਬ ਦੋ ਘੰਟੇ ਤੱਕ ਜਾਰੀ ਰਹੀ।
ਮੁੱਖ ਮੰਤਰੀ ਮੋਹਨ ਚਰਨ ਮਾਝੀ ਨੇ ਬਾਲਾਸੋਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਨਾਲ ਸਥਿਤੀ ‘ਤੇ ਚਰਚਾ ਕੀਤੀ। ਮਾਝੀ ਨੇ ਕਿਹਾ ਕਿ ਅਮਨ-ਕਾਨੂੰਨ ਦੀ ਸਥਿਤੀ ਕਿਸੇ ਵੀ ਹਾਲਤ ਵਿੱਚ ਵਿਗੜਨ ਨਹੀਂ ਦਿੱਤੀ ਜਾਵੇਗੀ। ਓਡੀਸ਼ਾ ਸ਼ਾਂਤੀ ਪਸੰਦ ਰਾਜ ਹੈ। ਉਨ੍ਹਾਂ ਨੇ ਸਾਰਿਆਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ।
ਹਿੰਦੂਸਥਾਨ ਸਮਾਚਾਰ