T20 World Cup: ਨਿਊਜ਼ੀਲੈਂਡ ਦੇ ਤੇਜ਼ ਗੇਂਦਬਾਜ਼ ਲਾਕੀ ਫਰਗੂਸਨ ਟੀ-20 ਅੰਤਰਰਾਸ਼ਟਰੀ ਕ੍ਰਿਕਟ ‘ਚ ਇੱਕ ਸਪੈਲ ‘ਚ ਚਾਰ ਮੇਡਨ ਓਵਰ ਸੁੱਟਣ ਵਾਲੇ ਦੂਜੇ ਅਤੇ ਪੁਰਸ਼ ਟੀ-20 ਵਿਸ਼ਵ ਕੱਪ ‘ਚ ਪਹਿਲੇ ਗੇਂਦਬਾਜ਼ ਬਣ ਗਏ ਹਨ।
ਸੋਮਵਾਰ ਨੂੰ, ਉਨ੍ਹਾਂ ਨੇ ਟੀ-20 ਵਿਸ਼ਵ ਕੱਪ 2024 ਵਿੱਚ ਨਿਊਜ਼ੀਲੈਂਡ ਦੇ ਗਰੁੱਪ-ਪੜਾਅ ਦੇ ਆਖਰੀ ਮੈਚ ਵਿੱਚ ਪਾਪੂਆ ਨਿਊ ਗਿਨੀ ਦੇ ਖਿਲਾਫ ਆਪਣੇ 4 ਓਵਰਾਂ ਵਿੱਚ ਬਿਨਾਂ ਕੋਈ ਦੌੜਾਂ ਦਿੱਤੇ ਬਿਨਾਂ 3 ਵਿਕਟਾਂ ਲਈਆਂ। ਇਹ ਨਿਊਜ਼ੀਲੈਂਡ ਦਾ ਟੂਰਨਾਮੈਂਟ ‘ਚ ਆਖਰੀ ਮੈਚ ਵੀ ਹੈ, ਕਿਉਂਕਿ ਉਹ ਅਫਗਾਨਿਸਤਾਨ ਅਤੇ ਵੈਸਟਇੰਡੀਜ਼ ਤੋਂ ਹਾਰ ਕੇ ਬਾਹਰ ਹੋ ਗਿਆ ਸੀ।
ਇਹ ਉਪਲਬਧੀ ਹਾਸਲ ਕਰਨ ਵਾਲੇ ਇਕੱਲੇ ਹੋਰ ਗੇਂਦਬਾਜ਼ ਕੈਨੇਡਾ ਦੇ ਸਾਦ ਬਿਨ ਜ਼ਫਰ ਹਨ, ਜਿਨ੍ਹਾਂ ਨੇ ਕੂਲੀਜ ਵਿਖੇ 2021 ਟੀ-20 ਵਿਸ਼ਵ ਕੱਪ ਅਮਰੀਕਾ ਜ਼ੋਨ ਕੁਆਲੀਫਾਇਰ ਮੈਚ ਵਿਚ ਪਨਾਮਾ ਵਿਰੁੱਧ ਆਪਣੇ 4 ਓਵਰਾਂ ਵਿਚ ਬਿਨਾਂ ਕੋਈ ਦੌੜ ਦਿੱਤੇ 2 ਵਿਕਟਾਂ ਲਈਆਂ ਸੀ। ਮੈਚ ਦੀ ਗੱਲ ਕਰੀਏ ਤਾਂ ਇਸ ਮੈਚ ‘ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਪਾਪੂਆ ਨਿਊ ਗਿਨੀ (ਪੀ.ਐੱਨ.ਜੀ.) ਦੀ ਟੀਮ 19.4 ਓਵਰਾਂ ‘ਚ ਸਿਰਫ 78 ਦੌੜਾਂ ‘ਤੇ ਹੀ ਸਿਮਟ ਗਈ। ਪੀਐਨਜੀ ਲਈ ਚਾਰਲਸ ਅਮੀਨੀ ਨੇ ਸਭ ਤੋਂ ਵੱਧ 17 ਦੌੜਾਂ ਬਣਾਈਆਂ।
ਨਿਊਜ਼ੀਲੈਂਡ ਲਈ ਲਾਕੀ ਫਰਗੂਸਨ ਨੇ 4 ਓਵਰਾਂ ਦੇ ਆਪਣੇ ਸਪੈੱਲ ‘ਚ ਬਿਨਾਂ ਕੋਈ ਰਨ ਦਿੱਤੇ 3 ਵਿਕਟਾਂ ਲਈਆਂ। ਉਨ੍ਹਾਂ ਤੋਂ ਇਲਾਵਾ ਟ੍ਰੇਂਟ ਬੋਲਟ, ਟਿਮ ਸਾਊਦੀ ਅਤੇ ਈਸ਼ ਸੋਢੀ ਨੇ 2-2 ਅਤੇ ਮਿਸ਼ੇਲ ਸੈਂਟਨਰ ਨੇ 1 ਵਿਕਟ ਲਈ। ਜਵਾਬ ‘ਚ ਨਿਊਜ਼ੀਲੈਂਡ ਦੀ ਟੀਮ ਨੇ 12.2 ਓਵਰਾਂ ‘ਚ 3 ਵਿਕਟਾਂ ਦੇ ਨੁਕਸਾਨ ‘ਤੇ 79 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਨਿਊਜ਼ੀਲੈਂਡ ਲਈ ਡੇਵੋਨ ਕੋਨਵੇ ਨੇ 35 ਦੌੜਾਂ, ਕਪਤਾਨ ਕੇਨ ਵਿਲੀਅਮਸਨ ਨੇ ਨਾਬਾਦ 18 ਅਤੇ ਡੇਰਿਲ ਮਿਸ਼ੇਲ ਨੇ ਨਾਬਾਦ 19 ਦੌੜਾਂ ਬਣਾਈਆਂ। ਪੀਐਨਜੀ ਲਈ ਕਾਬੂਆ ਮੋਰੀਆ ਨੇ 2 ਅਤੇ ਸੇਮੋ ਕਾਮੀਆ ਨੇ 1 ਵਿਕਟ ਲਈ।
ਹਿੰਦੂਸਥਾਨ ਸਮਾਚਾਰ