ਪੱਛਮੀ ਬੰਗਾਲ ਦੇ ਨਿਊ ਜਲਪਾਈਗੁੜੀ ਵਿੱਚ ਇੱਕ ਭਿਆਨਕ ਰੇਲ ਹਾਦਸਾ ਵਾਪਰਿਆ। ਕੰਚਨਜੰਗਾ ਐਕਸਪ੍ਰੈਸ ਇਕ ਮਾਲ ਗੱਡੀ ਨਾਲ ਟਕਰਾ ਗਈ, ਜਿਸ ਤੋਂ ਬਾਅਦ ਟਰੇਨ ਦੇ ਕਈ ਡੱਬੇ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ। ਇਹ ਘਟਨਾ ਨਿਊ ਜਲਪਾਈਗੁੜੀ ਦੇ ਰੰਗਾਪਾਨੀ ਇਲਾਕੇ ਦੀ ਹੈ। ਇਸ ਹਾਦਸੇ ‘ਚ 8 ਲੋਕਾਂ ਦੀ ਮੌਤ ਹੋ ਗਈ ਜਦਕਿ 25 ਲੋਕ ਜ਼ਖਮੀ ਹੋ ਗਏ। ਹੁਣ ਤੱਕ ਦਰਜਨਾਂ ਲੋਕਾਂ ਨੂੰ ਬਚਾਇਆ ਜਾ ਚੁੱਕਿਆ ਹੈ।
ਕੰਚਨਜੰਗਾ ਐਕਸਪ੍ਰੈਸ ਅਗਰਤਲਾ ਤੋਂ ਸਿਆਲਦਾਹ ਜਾ ਰਹੀ ਸੀ ਕਿ ਨਿਊ ਜਲਪਾਈਗੁੜੀ ਕੋਲ ਇੱਕ ਮਾਲ ਗੱਡੀ ਉਸ ਨਾਲ ਪਿਛੋਂ ਟਕਰਾ ਗਈ। ਜ਼ਖਮੀਆਂ ਨੂੰ ਬੋਗੀਆਂ ‘ਚੋਂ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਇਸ ਹਾਦਸੇ ਤੋਂ ਬਾਅਦ ਐਮਰਜੈਂਸੀ ਮੈਡੀਕਲ ਟੀਮ ਨੂੰ ਮੌਕੇ ‘ਤੇ ਭੇਜਿਆ ਗਿਆ ਹੈ ਅਤੇ ਭਾਰੀ ਬਰਸਾਤ ਵਿਚਾਲੇ ਬਚਾਅ ਕਾਰਜ ਜਾਰੀ ਹੈ। ਰੇਲ ਹਾਦਸੇ ਤੋਂ ਬਾਅਦ ਸਿਆਲਦਾਹ ਰੇਲਵੇ ਸਟੇਸ਼ਨ ‘ਤੇ ਐਮਰਜੈਂਸੀ ਹੈਲਪ ਡੈਸਕ ਸਥਾਪਤ ਕੀਤਾ ਗਿਆ ਹੈ।
ਇਸ ਰੇਲ ਹਾਦਸੇ ਬਾਰੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸੋਸ਼ਲ ਮੀਡੀਆ ਪਲੇਟਫਾਰਮ X ਰਾਹੀਂ ਕਿਹਾ ਹੈ ਕਿ ਦਾਰਜੀਲਿੰਗ ਜ਼ਿਲੇ ‘ਚ ਕੰਚਨਜੰਗਾ ਐਕਸਪ੍ਰੈੱਸ ਟਰੇਨ ਨੂੰ ਮਾਲ ਗੱਡੀ ਨੇ ਟੱਕਰ ਮਾਰ ਦਿੱਤੀ ਹੈ, ਇਸ ਰੇਲ ਹਾਦਸੇ ਦੀ ਖਬਰ ਸੁਣ ਕੇ ਸਦਮੇ ‘ਚ ਹਾਂ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਐਸਪੀ-ਡੀਐਮ ਅਤੇ ਬਚਾਅ ਦਲ ਨੂੰ ਤੁਰੰਤ ਮੌਕੇ ’ਤੇ ਪੁੱਜਣ ਦੇ ਨਿਰਦੇਸ਼ ਦਿੱਤੇ ਗਏ ਹਨ।
ਹਾਦਸੇ ਤੋਂ ਬਾਅਦ ਰੇਲਗੱਡੀ ਦੀਆਂ ਕਈ ਬੋਗੀਆਂ ਪਲਟ ਗਈਆਂ ਜਦੋਂਕਿ ਦੋ ਡੱਬੇ ਇੱਕ ਦੂਜੇ ਦੇ ਉੱਪਰ ਜਾ ਡਿੱਗੇ।
ਹਿੰਦੂਸਥਾਨ ਸਮਾਚਾਰ