Kupwada: ਸੁਰੱਖਿਆ ਬਲਾਂ ਨੇ ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਹਥਿਆਰ, ਗੋਲਾ-ਬਾਰੂਦ ਅਤੇ ਪਾਬੰਦੀਸ਼ੁਦਾ ਸਮਾਨ ਬਰਾਮਦ ਕਰਕੇ ਨਾਰਕੋ-ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੁਲਿਸ ਬੁਲਾਰੇ ਨੇ ਦੱਸਿਆ ਕਿ ਜ਼ਿਲ੍ਹੇ ਦੇ ਕਰਨਾਹ ਇਲਾਕੇ ਵਿੱਚ ਪੁਲਿਸ ਨੂੰ ਠੋਸ ਸੂਚਨਾ ਮਿਲੀ ਸੀ ਕਿ ਇੱਕ ਵਿਅਕਤੀ ਹੈਰੋਇਨ ਲਈ ਖਰੀਦਦਾਰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਤੋਂ ਬਾਅਦ ਪੁਲਿਸ ਅਤੇ ਫੌਜ ਨੇ ਜਾਲ ਵਿਛਾ ਦਿੱਤਾ। ਜਿਸ ਤੋਂ ਬਾਅਦ ਦੋ ਵਿਅਕਤੀਆਂ ਨੂੰ ਕਰੀਬ 500 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ।
ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਦੀ ਪਛਾਣ ਸ਼ਫੀਕ ਅਹਿਮਦ ਸ਼ੇਖ ਵਾਸੀ ਖਾਵਰਪਰਬ ਕਰਨਾਹ ਅਤੇ ਤਾਰਿਕ ਅਹਿਮਦ ਮਲਿਕ ਵਾਸੀ ਬਾਗਬਲਾ ਵਜੋਂ ਹੋਈ ਹੈ। ਬੁਲਾਰੇ ਨੇ ਦੱਸਿਆ ਕਿ ਅਗਲੇਰੀ ਜਾਂਚ ਵਿੱਚ ਤਿੰਨ ਪਿਸਤੌਲ ਅਤੇ ਸਾਧਪੁਰਾ ਨਿਵਾਸੀ ਪਰਵੇਜ਼ ਅਹਿਮਦ ਪਠਾਨ ਵਾਸੀ ਵਜੋਂ ਪਛਾਣੇ ਗਏ ਇੱਕ ਹੋਰ ਵਿਅਕਤੀ ਦੀ ਮੌਜੂਦਗੀ ਦਾ ਪਤਾ ਲੱਗਿਆ।
ਉਨ੍ਹਾਂ ਦੱਸਿਆ ਕਿ ਪਠਾਨ ਨੂੰ ਪੁਲਿਸ ਅਤੇ ਫ਼ੌਜ ਨੇ ਸਾਂਝੇ ਛਾਪੇਮਾਰੀ ਦੌਰਾਨ ਗ੍ਰਿਫ਼ਤਾਰ ਕੀਤਾ ਹੈ। ਉਸਦੇ ਕਬਜ਼ੇ ‘ਚੋਂ ਤਿੰਨ ਪਿਸਤੌਲ, 76 ਪਿਸਤੌਲ ਦੇ ਰੌਂਦ, ਛੇ ਪਿਸਤੌਲ ਦੇ ਮੈਗਜ਼ੀਨ ਅਤੇ ਕਰੀਬ ਪੰਜ ਕਿਲੋਗ੍ਰਾਮ ਸ਼ੱਕੀ ਧਮਾਕਾਖੇਜ਼ ਸਮੱਗਰੀ ਬਰਾਮਦ ਹੋਈ ਹੈ। ਬੁਲਾਰੇ ਨੇ ਦੱਸਿਆ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਪੁੱਛਗਿੱਛ ਅਤੇ ਵਿਸਥਾਰਤ ਜਾਂਚ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ