Odisha/Jagannath Temple: ਹਿੰਦੂ ਧਰਮ ਦੇ ਚਾਰਾਂ ਧਾਮਾਂ ਵਿੱਚੋਂ ਇੱਕ ਹੈ ਜਗਨਨਾਥ ਪੁਰੀ ਅਤੇ ਇੱਥੇ ਦਰਸ਼ਨਾਂ ਲਈ ਸ਼ਰਧਾਲੂਆਂ ਦੀਆਂ ਲੰਬੀਆਂ ਕਤਾਰਾਂ ਲੱਗ ਜਾਂਦੀਆਂ ਹਨ। ਇਹ ਉਹ ਮੰਦਰ ਹੈ ਜਿੱਥੇ ਭਗਵਾਨ ਕ੍ਰਿਸ਼ਨ ਆਪਣੇ ਭਰਾ ਬਲਰਾਮ ਅਤੇ ਭੈਣ ਸੁਭਦਰਾ ਨਾਲ ਰਹਿੰਦੇ ਹਨ। ਹੁਣ ਜਗਨਨਾਥ ਮੰਦਰ ਨਾਲ ਜੁੜੀ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਸ਼ਰਧਾਲੂਆਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ। ਮੰਦਰ ਦੇ ਚਾਰੋਂ ਦਰਵਾਜ਼ੇ ਸ਼ਰਧਾਲੂਆਂ ਲਈ ਖੋਲ੍ਹ ਦਿੱਤੇ ਗਏ ਹਨ ਜਦੋਂਕਿ ਹੁਣ ਤੱਕ ਸਿਰਫ਼ ਇੱਕ ਹੀ ਦਰਵਾਜ਼ਾ ਖੁੱਲ੍ਹਾ ਸੀ , ਜਿਸ ਕਾਰਨ ਸ਼ਰਧਾਲੂਆਂ ਨੂੰ ਦਰਸ਼ਨਾਂ ਲਈ ਲੰਮਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਸੀ।
ਜਗਨਨਾਥ ਪੁਰੀ ਦੇ ਚਾਰੇ ਦਰਵਾਜ਼ੇ ਖੁੱਲ੍ਹ ਗਏ
ਹਾਲ ਹੀ ‘ਚ ਉੜੀਸਾ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਮੋਹਨ ਚਰਨ ਮਾਝੀ ਨੇ ਆਪਣਾ ਵਾਅਦਾ ਪੂਰਾ ਕੀਤਾ ਹੈ। ਅੱਜ ਮੁੱਖ ਮੰਤਰੀ ਨੇ ਆਪਣੇ ਕੈਬਨਿਟ ਸਾਥੀਆਂ ਨਾਲ ਜਗਨਨਾਥ ਮੰਦਰ ਵਿੱਚ ਮੰਗਲਾ ਆਰਤੀ ਕੀਤੀ ਅਤੇ ਮੰਦਰ ਦੇ ਚਾਰੇ ਦਰਵਾਜ਼ੇ ਸ਼ਰਧਾਲੂਆਂ ਲਈ ਖੁਲ੍ਹਵਾ ਦਿੱਤੇ। ਜਿਸ ਤੋਂ ਬਾਅਦ ਹੁਣ ਸ਼ਰਧਾਲੂਆਂ ਨੂੰ ਦਰਸ਼ਨਾਂ ਲਈ ਲੰਬਾ ਇੰਤਜ਼ਾਰ ਨਹੀਂ ਕਰਨਾ ਪਵੇਗਾ।
ਕਿਉਂ ਬੰਦ ਕੀਤੇ ਗਏ ਸਨ ਜਗਨਨਾਥ ਮੰਦਰ ਦੇ ਦਰਵਾਜ਼ੇ?
ਜਗਨਨਾਥ ਪੁਰੀ ਦੇ ਮੰਦਰ ਵਿੱਚ ਕੁੱਲ ਚਾਰ ਦਰਵਾਜ਼ੇ ਹਨ। ਜਿਨ੍ਹਾਂ ਦੇ ਨਾਮ ਸਿੰਘ ਦਵਾਰ, ਅਸਵ ਦਵਾਰ, ਵਯਾਘਰ ਦਵਾਰ ਅਤੇ ਹਸਤੀ ਦਵਾਰ ਹਨ। ਕੋਰੋਨਾ ਦੇ ਸਮੇਂ ਤਤਕਾਲੀ ਮੁੱਖ ਮੰਤਰੀ ਨਵੀਨ ਪਟਨਾਇਕ ਦੀ ਸਰਕਾਰ ਨੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਤਿੰਨ ਦਵਾਰ ਬੰਦ ਕਰਵਾ ਦਿੱਤੇ ਸਨ। ਇਸ ਤੋਂ ਬਾਅਦ ਜਦੋਂ ਕਰੋਨਾ ਮਹਾਮਾਰੀ ਦਾ ਪ੍ਰਭਾਵ ਘੱਟ ਹੋਣ ਲੱਗਾ ਤਾਂ ਕੇਵਲ ਸਿੰਘ ਦਵਾਰ ਹੀ ਖੋਲ੍ਹਿਆ ਗਿਆ। ਜਿਸ ਕਾਰਨ ਇੱਕ ਹੀ ਦਵਾਰ ਰਾਹੀਂ ਸ਼ਰਧਾਲੂਆਂ ਦੀ ਐਂਟ੍ਰੀ ਅਤੇ ਐਗਜਿਟ ਹੁੰਦਾ ਸੀ। ਜਿਸ ਕਾਰਨ ਦਰਸ਼ਨਾਂ ਲਈ ਲੰਮਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਸੀ। ਚੋਣਾਂ ਦੌਰਾਨ ਭਾਜਪਾ ਨੇ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਬਣਦੇ ਹੀ ਮੰਦਰ ਦੇ ਸਾਰੇ ਦਰਵਾਜ਼ੇ ਖੋਲ੍ਹ ਦਿੱਤੇ ਜਾਣਗੇ। ਅੱਜ 13 ਜੂਨ ਨੂੰ ਸੂਬਾ ਸਰਕਾਰ ਨੇ ਆਪਣਾ ਵਾਅਦਾ ਪੂਰਾ ਕਰਦੇ ਹੋਏ ਜਗਨਨਾਥ ਪੁਰੀ ਦੇ 3 ਹੋਰ ਦਵਾਰ ਵੀ ਖੁਲ੍ਹਵਾ ਦਿੱਤੇ ਹਨ ਜੋ 5 ਸਾਲਾਂ ਤੋਂ ਬੰਦ ਸਨ।
ਹਿੰਦੂਸਥਾਨ ਸਮਾਚਾਰ