New Delhi/ Inter Miami: ਅਰਜਨਟੀਨਾ ਦੇ ਦਿੱਗਜ਼ ਫਾਰਵਰਡ ਲਿਓਨੇਲ ਮੇਸੀ ਨੇ ਕਿਹਾ ਕਿ ਮੇਜਰ ਲੀਗ ਸੌਕਰ (ਐੱਮ.ਐੱਲ.ਐੱਸ.) ਕਲੱਬ ਇੰਟਰ ਮਿਆਮੀ ਸੰਭਵ ਤੌਰ ‘ਤੇ ਉਨ੍ਹਾਂ ਦੇ ਸ਼ਾਨਦਾਰ ਕਰੀਅਰ ਦਾ ਆਖਰੀ ਕਲੱਬ ਬਣ ਸਕਦਾ ਹੈ।
ਰਿਕਾਰਡ ਅੱਠ ਵਾਰ ਬੈਲਨ ਡੀ ਓਰ ਜਿੱਤਣ ਵਾਲੇ ਮੇਸੀ ਆਪਣੇ ਸ਼ਾਨਦਾਰ ਕਰੀਅਰ ਦੇ ਅੰਤ ਦੇ ਨੇੜੇ ਹਨ। ਪਰ ਸੰਨਿਆਸ ਲੈਣ ਤੋਂ ਪਹਿਲਾਂ ਉਨ੍ਹਾਂ ਕੋਲ ਅਰਜਨਟੀਨਾ ਨਾਲ ਇੱਕ ਹੋਰ ਕੋਪਾ ਅਮਰੀਕਾ ਖਿਤਾਬ ਜਿੱਤਣ ਦਾ ਮੌਕਾ ਹੋਵੇਗਾ। ਅੰਤਰਰਾਸ਼ਟਰੀ ਅਤੇ ਕਲੱਬ ਪੱਧਰ ‘ਤੇ ਅੱਗੇ ਵਧਦੇ ਰਹਿਣ ਦੇ ਨਾਲ ਹੀ ਮੇਸੀ ਨੇ ਆਪਣੇ ਭਵਿੱਖ ਬਾਰੇ ਗੱਲ ਕੀਤੀ ਅਤੇ ਮੰਨਿਆ ਹੈ ਕਿ ਉਹ ਫੁੱਟਬਾਲ ਛੱਡਣ ਲਈ ਤਿਆਰ ਨਹੀਂ ਹਨ।
ਈਐਸਪੀਐਨ ਅਰਜਨਟੀਨਾ ਨਾਲ ਗੱਲਬਾਤ ’ਚ ਮੇਸੀ ਨੇ ਕਿਹਾ, “ਮੈਂ ਫੁੱਟਬਾਲ ਛੱਡਣ ਲਈ ਤਿਆਰ ਨਹੀਂ ਹਾਂ, ਮੈਂ ਆਪਣੀ ਪੂਰੀ ਜ਼ਿੰਦਗੀ ਇਹੀ ਕੀਤਾ ਹੈ, ਮੈਂ ਸਿਖਲਾਈ ਅਤੇ ਖੇਡਾਂ ਦਾ ਆਨੰਦ ਮਾਣਦਾ ਹਾਂ। ਇਹ ਡਰ ਹਮੇਸ਼ਾ ਬਣਿਆ ਰਹਿੰਦਾ ਹੈ ਕਿ ਸਭ ਕੁਝ ਖਤਮ ਹੋ ਜਾਵੇਗਾ। ਮੈਨੂੰ ਲੱਗਦਾ ਹੈ ਕਿ ਇੰਟਰ ਮਿਆਮੀ ਮੇਰਾ ਆਖਰੀ ਕਲੱਬ ਹੋਵੇਗਾ।”
ਮੇਸੀ ਨੇ ਅਰਜਨਟੀਨਾ ਲਈ 180 ਮੈਚ ਖੇਡੇ ਹਨ ਅਤੇ ਅੰਤਰਰਾਸ਼ਟਰੀ ਸਰਕਟ ਵਿੱਚ 106 ਗੋਲ ਕੀਤੇ ਹਨ। ਉਹ ਅੰਤਰਰਾਸ਼ਟਰੀ ਪੱਧਰ ‘ਤੇ ਤੀਸਰੇ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਹਨ, ਸਕੋਰਿੰਗ ਚਾਰਟ ਵਿੱਚ ਸਿਰਫ਼ ਅਲੀ ਦਾਈ ਅਤੇ ਕ੍ਰਿਸਟੀਆਨੋ ਰੋਨਾਲਡੋ ਉਨ੍ਹਾਂ ਤੋਂ ਅੱਗੇ ਹਨ। ਇੰਟਰ ਮਿਆਮੀ ਲਈ, ਉਨ੍ਹਾਂ ਨੇ ਐੱਮ. ਐੱਲ. ਐੱਸ. ਵਿੱਚ 18 ਮੈਚਾਂ ਵਿੱਚ 13 ਗੋਲ ਅਤੇ 11 ਅਸਿਸਟ ਕੀਤੇ ਹਨ। ਇਸ ਸਾਲ ਦੇ ਸ਼ੁਰੂ ਵਿੱਚ, ਉਨ੍ਹਾਂ ਨੇ ਆਪਣੇ ਸ਼ਾਨਦਾਰ ਕਰੀਅਰ ਵਿੱਚ ਤੀਜੀ ਵਾਰ ਅਰਲਿੰਗ ਹਾਲੈਂਡ ਅਤੇ ਕਾਇਲੀਅਨ ਐਮਬਾਪੇ ਨੂੰ ਪਛਾੜ ਕੇ ਸਰਵੋਤਮ ਫੀਫਾ ਪੁਰਸ਼ ਖਿਡਾਰੀ 2023 ਦਾ ਖਿਤਾਬ ਜਿੱਤਿਆ ਸੀ।
ਉਹ ਐੱਮ. ਐੱਲ. ਐੱਸ. ਵਿੱਚ ਖੇਡਦੇ ਹੋਏ ਇਹ ਪੁਰਸਕਾਰ ਜਿੱਤਣ ਵਾਲੇ ਪਹਿਲੇ ਖਿਡਾਰੀ ਹਨ। ਚੋਟੀ ਦੇ ਤਿੰਨ ਖਿਡਾਰੀ, ਮੇਸੀ, ਐਮਬਾਪੇ ਅਤੇ ਹਾਲੈਂਡ ਲੰਡਨ ਵਿੱਚ ਹੋਏ ਸਮਾਰੋਹ ਵਿੱਚ ਸ਼ਾਮਲ ਨਹੀਂ ਹੋਏ। 36 ਸਾਲਾ 2024 ਦੀ ਮੁਹਿੰਮ ਦੀ ਆਪਣੀ ਪਹਿਲੀ ਪ੍ਰੀਸੀਜ਼ਨ ਗੇਮ ਲਈ ਮਿਆਮੀ ਵਿੱਚ ਹੀ ਰਹੇ।
ਹਿੰਦੂਸਥਾਨ ਸਮਾਚਾਰ