Doraha: ਦੋਰਾਹਾ ’ਚ 2 ਹਮਲਾਵਰਾਂ ਨੇ ਇਕ ਜਵੈਲਰ ‘ਤੇ ਅੰਨ੍ਹੇਵਾਹ ਫਾਇਰਿੰਗ ਕੀਤੀ। ਕਿਸੇ ਫਿਲਮੀ ਸੀਨ ਦੀ ਤਰ੍ਹਾਂ ਦੋ ਬਾਈਕ ਸਵਾਰ ਹਮਲਾਵਰ ਸਿਰਫ 10 ਸਕਿੰਟਾਂ ‘ਚ ਫਾਇਰਿੰਗ ਕਰਕੇ ਫਰਾਰ ਹੋ ਗਏ। 5 ਸਕਿੰਟਾਂ ਵਿੱਚ ਕਈ ਗੋਲੀਆਂ ਚਲਾਈਆਂ। ਜਿੱਥੇ ਸ਼ਰੇਆਮ ਗੋਲੀਬਾਰੀ ਕੀਤੀ ਗਈ ਉਸ ਜਗ੍ਹਾ ਤੋਂ 400 ਮੀਟਰ ਦੀ ਦੂਰੀ ‘ਤੇ ਪੁਲਿਸ ਚੌਂਕੀ ਹੈ।ਇੱਥੋਂ ਜੱਜਾਂ ਦੀ ਰਿਹਾਇਸ਼ ਲਗਭਗ 50 ਮੀਟਰ ਦੀ ਦੂਰੀ ‘ਤੇ ਹੈ।
ਬੀਤੀ ਰਾਤ ਦੋਰਾਹਾ ਦੇ ਰੇਲਵੇ ਰੋਡ ‘ਤੇ ਸਥਿਤ ਪਰਮਜੀਤ ਜਵੈਲਰਜ਼ ਬਰਮਾਲੀਪੁਰ ਦੀ ਦੁਕਾਨ ਦੇ ਬਾਹਰ ਬਾਈਕ ‘ਤੇ ਸਵਾਰ ਦੋ ਹਮਲਾਵਰ ਆਏ। ਜਿਨ੍ਹਾਂ ਨੇ ਆਪਣੇ ਮੂੰਹ ਰੁਮਾਲਾਂ ਨਾਲ ਢੱਕੇ ਹੋਏ ਸਨ। ਇੱਕ ਹਮਲਾਵਰ ਬਾਈਕ ਸਟਾਰਟ ਕਰਦਾ ਹੈ ਅਤੇ ਪਿੱਛੇ ਬੈਠਾ ਹਮਲਾਵਰ ਤੇਜ਼ੀ ਨਾਲ ਹੇਠਾਂ ਉਤਰ ਜਾਂਦਾ ਹੈ ਅਤੇ ਫਾਇਰਿੰਗ ਕਰਦਾ ਹੈ।
ਉਸ ਦੇ ਦੋਵੇਂ ਹੱਥਾਂ ਵਿੱਚ ਪਿਸਤੌਲ ਸਨ ਅਤੇ ਦੋਵੇਂ ਪਿਸਤੌਲਾਂ ਤੋਂ ਅੰਨ੍ਹੇਵਾਹ ਗੋਲੀਆਂ ਚਲਾਈਆਂ। ਹਾਲਾਂਕਿ ਬਾਜ਼ਾਰ ‘ਚ ਪੂਰੀ ਭੀੜ ਸੀ। ਪਰ ਬਾਈਕ ਸਵਾਰ ਹਮਲਾਵਰਾਂ ਨੂੰ ਬਚ ਨਿਕਲਣ ਵਿੱਚ ਚੁਟਕੀ ਵਜਾਉਣ ਜਿੰਨਾ ਸਮਾਂ ਵੀ ਨਹੀਂ ਲੱਗਿਆ। ਘਟਨਾ ‘ਚ ਦੋ ਗੋਲੀਆਂ ਸ਼ੀਸ਼ੇ ‘ਚੋਂ ਲੰਘੀਆਂ ਅਤੇ ਕਈ ਗੋਲੀਆਂ ਸ਼ੀਸ਼ੇ ‘ਤੇ ਲੱਗਣ ਨਾਲ ਪੂਰਾ ਸ਼ੀਸ਼ਾ ਟੁੱਟ ਗਿਆ। ਸ਼ੀਸ਼ਾ ਮਜ਼ਬੂਤ ਹੋਣ ਕਾਰਨ ਅੰਦਰ ਬੈਠੇ ਜਵੈਲਰ ਮਨਪ੍ਰੀਤ ਸਿੰਘ ਮਨੀ ਦੀ ਜਾਨ ਬਚ ਗਈ। ਪਾਇਲ ਦੇ ਡੀਐਸਪੀ ਨਿਖਿਲ ਗਰਗ ਨੇ ਦੱਸਿਆ ਕਿ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਸੀਸੀਟੀਵੀ ਫੁਟੇਜ ਰਾਹੀਂ ਹਮਲਾਵਰਾਂ ਦੀ ਭਾਲ ਕੀਤੀ ਜਾ ਰਹੀ ਹੈ। ਉਹ ਇਸ ਨੂੰ ਦੋ ਸਾਲ ਪਹਿਲਾਂ ਵਾਪਰੀ ਗੋਲੀਬਾਰੀ ਦੀ ਘਟਨਾ ਨਾਲ ਵੀ ਜੋੜ ਕੇ ਜਾਂਚ ਕਰ ਰਹੇ ਹਨ।
ਹਿੰਦੂਸਥਾਨ ਸਮਾਚਾਰ