Kolkata: ਬੰਗਲਾਦੇਸ਼ ਦੇ ਸਾਂਸਦ ਅਨਵਾਰੁਲ ਅਜ਼ੀਮ ਅਨਾਰ ਦਾ ਕਤਲ ਸਿਰਹਾਣੇ ਨਾਲ ਮੂੰਹ ਦੱਬ ਕੇ ਕੀਤਾ ਗਿਆ ਹੈ। ਪੱਛਮੀ ਬੰਗਾਲ ਸੀਆਈਡੀ ਦੇ ਇੱਕ ਉੱਚ ਅਧਿਕਾਰੀ ਨੇ ਇਸਦੀ ਪੁਸ਼ਟੀ ਕੀਤੀ ਹੈ। ਦੱਸਿਆ ਗਿਆ ਹੈ ਕਿ ਜਿਵੇਂ ਹੀ ਉਹ ਰਾਜਧਾਨੀ ਦੇ ਨਿਊ ਟਾਊਨ ਫਲੈਟ ‘ਚ ਦਾਖਲ ਹੋਏ ਤਾਂ ਮੁਲਜ਼ਮਾਂ ਨੇ ਸਿਰਹਾਣੇ ਨਾਲ ਉਨ੍ਹਾਂ ਦਾ ਮੂੰਹ ਦੱਬ ਲਿਆ ਸੀ ਅਤੇ ਦਮ ਘੁੱਟਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਇਸ ਅਧਿਕਾਰੀ ਅਨੁਸਾਰ ਨੇਪਾਲ ਤੋਂ ਗ੍ਰਿਫਤਾਰ ਕਰਕੇ ਕੋਲਕਾਤਾ ਲਿਆਂਦੇ ਗਏ ਮੁਲਜ਼ਮ ਮੁਹੰਮਦ ਸਿਆਮ ਹੁਸੈਨ ਨੇ ਪੁੱਛਗਿੱਛ ਦੌਰਾਨ ਮੰਨਿਆ ਹੈ ਕਿ ਸੰਸਦ ਮੈਂਬਰ ਅਨਾਰ ਦਾ ਗਲਾ ਘੁੱਟਣ ਵਿੱਚ ਇੱਕ ਔਰਤ ਨੇ ਵੀ ਮਦਦ ਕੀਤੀ ਸੀ। ਉਸਨੇ ਔਰਤ ਨੂੰ ਅਮਰੀਕੀ ਨਾਗਰਿਕ ਅਤੇ ਮਾਮਲੇ ਦੇ ਮੁੱਖ ਮੁਲਜ਼ਮ ਅਖਤਰੁੱਜ਼ਮਾਂ ਦਾ ਕਰੀਬੀ ਦੱਸਿਆ ਹੈ।
ਜ਼ਿਕਰਯੋਗ ਹੈ ਕਿ ਦੱਖਣੀ 24 ਪਰਗਨਾ ਜ਼ਿਲ੍ਹੇ ‘ਚ ਸਥਿਤ ਬਾਗਜੋਲਾ ਨਹਿਰ ਨੇੜੇ ਮਨੁੱਖੀ ਹੱਡੀਆਂ ਦੇ ਕੁਝ ਹਿੱਸੇ ਬਰਾਮਦ ਹੋਏ ਹਨ। ਸਿਆਮ ਨੂੰ ਸ਼ਨੀਵਾਰ ਸ਼ਾਮ ਨੇਪਾਲ ਤੋਂ ਪੱਛਮੀ ਬੰਗਾਲ ਲਿਆਂਦਾ ਗਿਆ ਸੀ। ਉਸਨੂੰ ਬਾਰਾਸਾਤ ਦੀ ਇੱਕ ਸਥਾਨਕ ਅਦਾਲਤ ਨੇ 14 ਦਿਨਾਂ ਲਈ ਸੀਆਈਡੀ ਹਿਰਾਸਤ ਵਿੱਚ ਭੇਜ ਦਿੱਤਾ ਸੀ। ਸਿਆਮ ਤੋਂ ਪੁੱਛਗਿੱਛ ਦੌਰਾਨ ਸੀਆਈਡੀ ਦੀ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਸਾਂਸਦ ਦੇ ਕਰੀਬੀ ਦੋਸਤ ਅਖ਼ਤਰੂਜ਼ਮਾਂ ਨੇ ਅਪਰਾਧ ਵਿੱਚ ਸ਼ਾਮਲ ਲੋਕਾਂ ਨੂੰ ਕਰੀਬ 5 ਕਰੋੜ ਰੁਪਏ ਦਾ ਭੁਗਤਾਨ ਕੀਤਾ। ਅਖ਼ਤਰੁਜ਼ਮਾਂ ਦਾ ਕੋਲਕਾਤਾ ਵਿੱਚ ਇੱਕ ਫਲੈਟ ਹੈ। ਉਹ ਫਿਲਹਾਲ ਅਮਰੀਕਾ ਵਿੱਚ ਰਹਿੰਦਾ ਹੈ।
ਹਿੰਦੂਸਥਾਨ ਸਮਾਚਾਰ