Bhopal: ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ਦੇ ਸੀਆਰਪੀਐਫ ਜਵਾਨ ਕਬੀਰ ਦਾਸ ਉਈਕੇ ਜੰਮੂ-ਕਸ਼ਮੀਰ ’ਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਵਿੱਚ ਸ਼ਹੀਦ ਹੋ ਗਏ। ਕਠੂਆ ਜ਼ਿਲ੍ਹੇ ਦੇ ਹੀਰਾਨਗਰ ਦੇ ਸੈਦਾ ਸੁਖਲ ਪਿੰਡ ‘ਚ ਮੰਗਲਵਾਰ ਰਾਤ 8 ਵਜੇ ਅੱਤਵਾਦੀ ਹਮਲਾ ਹੋਇਆ ਸੀ, ਜਿਸ ‘ਚ ਉਹ ਗੋਲੀ ਲੱਗਣ ਨਾਲ ਜ਼ਖਮੀ ਹੋ ਗਏ। ਇਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਬੁੱਧਵਾਰ ਸਵੇਰੇ ਇਲਾਜ ਦੌਰਾਨ ਉਨ੍ਹਾਂ ਨੇ ਆਖਰੀ ਸਾਹ ਲਿਆ। ਉਨ੍ਹਾਂ ਦਾ ਅੰਤਿਮ ਸੰਸਕਾਰ ਵੀਰਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ‘ਚ ਹੋਵੇਗਾ। ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਸੁਣਦਿਆਂ ਹੀ ਪਿੰਡ ਵਿੱਚ ਸੋਗ ਦੀ ਲਹਿਰ ਹੈ।
ਸ਼ਹੀਦ 35 ਸਾਲਾ ਕਬੀਰ ਦਾਸ ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ਦੀ ਬਿਚੂਆ ਤਹਿਸੀਲ ਦੇ ਪੁਲਪੁਲਡੋਹ ਪਿੰਡ ਦੇ ਰਹਿਣ ਵਾਲੇ ਸਨ। ਉਹ 2011 ਵਿੱਚ ਸੀਆਰਪੀਐਫ ਵਿੱਚ ਕਾਂਸਟੇਬਲ ਵਜੋਂ ਭਰਤੀ ਹੋਏ ਸੀ। ਚਾਰ ਸਾਲ ਪਹਿਲਾਂ ਉਨ੍ਹਾਂ ਦਾ ਵਿਆਹ ਹੋਇਆ ਸੀ। ਪਰਿਵਾਰ ਵਿੱਚ ਉਨ੍ਹਾਂ ਦੀ ਮਾਂ ਇੰਦਰਾਵਤੀ ਉਈਕੇ, ਪਤਨੀ ਮਮਤਾ ਉਈਕੇ ਅਤੇ ਛੋਟਾ ਭਰਾ ਅਤੇ ਦੋ ਭੈਣਾਂ ਹਨ ਜੋ ਵਿਆਹੀਆਂ ਹੋਈਆਂ ਹਨ। ਪਿਤਾ ਦਾ ਦਿਹਾਂਤ ਹੋ ਚੁੱਕਿਆ ਹੈ।
ਸ਼ਹੀਦ ਦੀ ਮਾਤਾ ਇੰਦਰਾਵਤੀ ਉਈਕੇ ਨੇ ਦੱਸਿਆ ਕਿ ਉਹ 20 ਦਿਨਾਂ ਦੀ ਛੁੱਟੀ ਤੋਂ ਬਾਅਦ ਅੱਠ ਦਿਨ ਪਹਿਲਾਂ ਹੀ ਡਿਊਟੀ ’ਤੇ ਗਿਆ ਸੀ। ਉਹ ਭੋਪਾਲ ‘ਚ ਤਾਇਨਾਤ ਹੋਣ ਵਾਲੇ ਸਨ ਪਰ ਇਸ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਦੀ ਖਬਰ ਆ ਗਈ। ਕਬੀਰ ਚਾਰ ਭੈਣ-ਭਰਾਵਾਂ ਵਿੱਚੋਂ ਸਭ ਤੋਂ ਵੱਡੇ ਸਨ। ਉਨ੍ਹਾਂ ਦੇ ਛੋਟੇ ਭਰਾ ਖੇਤੀ ਕਰਦੇ ਹਨ। ਉਸਦਾ ਅਜੇ ਵਿਆਹ ਨਹੀਂ ਹੋਇਆ ਹੈ। ਸਾਰਾ ਪਰਿਵਾਰ ਮੁੱਖ ਤੌਰ ‘ਤੇ ਕਬੀਰ ਦੀ ਤਨਖਾਹ ‘ਤੇ ਨਿਰਭਰ ਸੀ। ਪਰਿਵਾਰ ਕੋਲ ਛੇ ਏਕੜ ਖੇਤੀ ਹੈ। ਕਬੀਰ ਦੇ ਦਿਹਾਂਤ ਦੀ ਖਬਰ ਮਿਲਦੇ ਹੀ ਛਿੰਦਵਾੜਾ ਦੇ ਸੰਸਦ ਮੈਂਬਰ ਵਿਵੇਕ ਬੰਟੀ ਸਾਹੂ ਅਤੇ ਮੇਅਰ ਵਿਕਰਮ ਅਹਾਕੇ ਉਨ੍ਹਾਂ ਦੇ ਘਰ ਪਹੁੰਚੇ ਅਤੇ ਪਰਿਵਾਰ ਨੂੰ ਦਿਲਾਸਾ ਦਿੱਤਾ।
ਹਿੰਦੂਸਥਾਨ ਸਮਾਚਾਰ