New Delhi: ਦੇਸ਼ ਦੇ ਅਗਲੇ ਫੌਜ ਮੁਖੀ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਹੋਣਗੇ। ਫਿਲਹਾਲ ਉਹ ਉਪ ਸੈਨਾ ਮੁੱਖੀ ਦੇ ਅਹੁਦੇ ‘ਤੇ ਸੇਵਾ ਨਿਭਾਅ ਰਹੇ ਹਨ। ਮੌਜੂਦਾ ਥਲ ਸੈਨਾ ਮੁੱਖੀ ਜਨਰਲ ਮਨੋਜ ਸੀ ਪਾਂਡੇ 30 ਜੂਨ ਨੂੰ ਸੇਵਾਮੁਕਤ ਹੋ ਰਹੇ ਹਨ। ਉਨ੍ਹਾਂ ਨੇ 31 ਮਈ ਨੂੰ ਸੇਵਾਮੁਕਤ ਹੋਣਾ ਸੀ। ਪਰ ਸਰਕਾਰ ਵੱਲੋਂ ਉਹਨਾਂ ਦਾ ਕਾਰਜਕਾਲ ਇਕ ਮਹੀਨੇ ਲਈ ਵਧਾ ਦਿੱਤਾ ਗਿਆ ਸੀ।
ਥਲ ਸੈਨਾ ਮੁੱਖੀ ਜਨਰਲ ਮਨੋਜ ਪਾਂਡੇ ਨੇ 30 ਅਪ੍ਰੈਲ, 2022 ਨੂੰ ਭਾਰਤੀ ਸੈਨਾ ਦੀ बाਗਡੋਰ ਸੰਭਾਲੀ ਸੀ। ਉਨ੍ਹਾਂ ਨੂੰ ਦਸੰਬਰ, 1982 ਵਿੱਚ ਕੋਰ ਆਫ਼ ਇੰਜੀਨੀਅਰਜ਼ (ਬੰਬੇ ਸੈਪਰਸ) ਵਿੱਚ ਕਮਿਸ਼ਨ ਮਿਲਿਆ ਸੀ। ਸੀਓਏਐਸ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ, ਉਹ ਥਲ ਸੈਨਾ ਦੇ ਉਪ ਮੁਖੀ ਸਨ। ਉਹਨਾਂ 31 ਮਈ ਨੂੰ ਸੇਵਾਮੁਕਤ ਹੋਣਾ ਸੀ। ਪਰ ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ ਨੇ 26 ਮਈ ਨੂੰ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਦੀ ਸੇਵਾ ਵਿੱਚ ਇੱਕ ਮਹੀਨੇ ਦੇ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਸੀ। ਇਹ ਵਾਧਾ ਉਨ੍ਹਾਂ ਦੀ ਆਮ ਸੇਵਾਮੁਕਤੀ ਤੋਂ ਇਕ ਮਹੀਨਾ ਪਹਿਲਾਂ ਭਾਵ 30 ਜੂਨ ਤੱਕ ਰਹੇਗਾ। ਇਹ ਐਕਸਟੈਂਸ਼ਨ ਆਰਮੀ ਰੂਲਜ਼ 1954 ਦੇ ਨਿਯਮ 16ਏ (4) ਤਹਿਤ ਦਿੱਤਾ ਗਿਆ।
ਹੁਣ ਨਵੀਂ ਐਨਡੀਏ ਸਰਕਾਰ ਦੇ ਗਠਨ ਤੋਂ ਬਾਅਦ ਕੇਂਦਰ ਸਰਕਾਰ ਨੇ ਮੌਜੂਦਾ ਉਪ ਸੈਨਾ ਮੁਖੀ ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਨੂੰ ਅਗਲਾ ਸੈਨਾ ਮੁੱਖੀ ਨਿਯੁਕਤ ਕੀਤਾ ਹੈ। ਉਨ੍ਹਾਂ ਦੀ ਨਿਯੁਕਤੀ 30 ਜੂਨ ਦੀ ਦੁਪਹਿਰ ਤੋਂ ਲਾਗੂ ਹੋਵੇਗੀ, ਜਦੋਂ ਮੌਜੂਦਾ ਥਲ ਸੈਨਾ ਮੁਖੀ ਜਨਰਲ ਪਾਂਡੇ ਸੇਵਾਮੁਕਤ ਹੋ ਜਾਣਗੇ।
ਲੈਫਟੀਨੈਂਟ ਜਨਰਲ ਉਪੇਂਦਰ ਦਿਵੇਦੀ ਨੂੰ ਇਸ ਸਾਲ 15 ਫਰਵਰੀ ਨੂੰ ਉਪ ਸੈਨਾ ਮੁਖੀ ਨਿਯੁਕਤ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਉਨ੍ਹਾਂ ਨੂੰ 01 ਫਰਵਰੀ, 2022 ਨੂੰ ਫੌਜ ਦੀ ਉੱਤਰੀ ਕਮਾਨ ਦਾ ਜਨਰਲ ਆਫੀਸਰ ਕਮਾਂਡਿੰਗ-ਇਨ-ਚੀਫ ਬਣਾਇਆ ਗਿਆ ਸੀ। ਇਸ ਤੋਂ ਪਹਿਲਾਂ ਉਹ ਫੌਜ ਦੇ ਉਪ ਮੁਖੀ (ਸੂਚਨਾ ਪ੍ਰਣਾਲੀਆਂ ਅਤੇ ਤਾਲਮੇਲ) ਅਤੇ ਜਨਰਲ ਆਫਿਸਰ ਕਮਾਂਡਿੰਗ IX ਕੋਰ ਦੇ ਤੌਰ ‘ਤੇ ਕੰਮ ਕਰ ਚੁੱਕੇ ਹਨ। ਉਨ੍ਹਾਂ ਨੂੰ ਪਰਮ ਵਿਸ਼ਿਸ਼ਟ ਸੇਵਾ ਮੈਡਲ ਅਤੇ ਅਤਿ ਵਿਸ਼ਿਸ਼ਟ ਸੇਵਾ ਮੈਡਲ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਲੈਫਟੀਨੈਂਟ ਜਨਰਲ ਦਿਵੇਦੀ ਸੈਨਿਕ ਸਕੂਲ, ਰੀਵਾ ਅਤੇ ਨੈਸ਼ਨਲ ਡਿਫੈਂਸ ਅਕੈਡਮੀ, ਖੜਕਵਾਸਲਾ ਦੇ ਸਾਬਕਾ ਵਿਦਿਆਰਥੀ ਰਹੇ ਹਨ। ਉਨ੍ਹਾਂ ਨੂੰ 15 ਦਸੰਬਰ 1984 ਨੂੰ ਭਾਰਤੀ ਮਿਲਟਰੀ ਅਕੈਡਮੀ, ਦੇਹਰਾਦੂਨ ਤੋਂ ਜੰਮੂ ਅਤੇ ਕਸ਼ਮੀਰ ਰਾਈਫਲਜ਼ ਦੀ 18ਵੀਂ ਬਟਾਲੀਅਨ ਵਿੱਚ ਨਿਯੁਕਤ ਕੀਤਾ ਗਿਆ ਸੀ।
ਉਨ੍ਹਾਂ ਨੇ ਆਪਰੇਸ਼ਨ ਰਕਸ਼ਕ ਦੌਰਾਨ ਚੌਕੀਬਲ ਵਿੱਚ ਇੱਕ ਬਟਾਲੀਅਨ ਦੀ ਕਮਾਂਡ ਸੰਭਾਲੀ, ਜੋ ਆਪਰੇਸ਼ਨ ਰਾਈਨੋ ਦੌਰਾਨ ਮਣੀਪੁਰ ਵਿੱਚ ਅਸਾਮ ਰਾਈਫਲਜ਼ ਦਾ ਇੱਕ ਸੈਕਟਰ ਸੀ। ਉਹ ਅਸਾਮ ਵਿੱਚ ਅਸਾਮ ਰਾਈਫਲਜ਼ ਦੇ ਇੰਸਪੈਕਟਰ ਜਨਰਲ ਵਜੋਂ ਵੀ ਕੰਮ ਕਰ ਚੁੱਕੇ ਹਨ। ਉਹ ਇੰਡੀਅਨ ਮਿਲਟਰੀ ਅਕੈਡਮੀ ਵਿੱਚ ਇੰਸਟ੍ਰਕਟਰ ਵਜੋਂ ਤਾਇਨਾਤ ਰਹੇ ਹਨ। ਉਹ ਸੇਸ਼ੇਲਸ ਸਰਕਾਰ ਵਿੱਚ ਮਿਲਟਰੀ ਅਤਾਸ਼ੇ ਅਤੇ ਇਨਫੈਂਟਰੀ ਦੇ ਡਾਇਰੈਕਟਰ ਜਨਰਲ ਵਜੋਂ ਤਾਇਨਾਤ ਰਹੇ ਹਨ। ਉਨ੍ਹਾਂ ਨੂੰ ਫਰਵਰੀ, 2020 ਵਿੱਚ IX ਕੋਰ ਦੇ ਕਮਾਂਡਰ ਅਤੇ ਅਪ੍ਰੈਲ, 2021 ਵਿੱਚ ਥਲ ਸੈਨਾ ਦੇ ਡਿਪਟੀ ਚੀਫ਼ (ਸੂਚਨਾ ਪ੍ਰਣਾਲੀਆਂ ਅਤੇ ਤਾਲਮੇਲ) ਵਜੋਂ ਨਿਯੁਕਤ ਕੀਤਾ ਗਿਆ ਸੀ।
ਹਿੰਦੂਸਥਾਨ ਸਮਾਚਾਰ