Punjab Police:
ਪੰਜਾਬ ਪੁਲਿਸ ਨੇ ਟਾਰਗੇਟ ਕਿਲਿੰਗ ਦੇ ਦੋਸ਼ ‘ਚ ਤਿਹਾੜ ਜੇਲ੍ਹ ‘ਚ ਬੰਦ ਅੱਤਵਾਦੀ ਇਕਬਾਲਪ੍ਰੀਤ ਸਿੰਘ ਉਰਫ਼ ਬੁੱਚੀ ਅਤੇ ਰਮਨਦੀਪ ਬੱਗਾ ਉਰਫ਼ ਕੈਨੇਡਾ ਨਾਲ ਸਬੰਧਿਤ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਦੋਵੇਂ ਪੰਜਾਬ ਸਮੇਤ ਗੁਆਂਢੀ ਸੂਬਿਆਂ ਵਿੱਚ ਵੀ ਵਾਰਦਾਤਾਂ ਕਰਨ ਦੀ ਤਿਆਰੀ ਕਰ ਰਹੇ ਸਨ।
ਪੁਲਿਸ ਮੁਤਾਬਕ, ਇਕਬਾਲਪ੍ਰੀਤ ਰਮਨਦੀਪ ਬੱਗਾ ਦਾ ਇੱਕ ਨਜ਼ਦੀਕੀ ਸਾਥੀ ਹੈ ਜੋ ਕਿ ਟਾਰਗੇਟ ਕਿਲਿੰਗ ਮਾਮਲੇ ਵਿੱਚ UAPA ਦੇ ਦੋਸ਼ਾਂ ਤਹਿਤ ਤਿਹਾੜ ਜੇਲ੍ਹ ਵਿੱਚ ਬੰਦ ਹੈ। ਮੁਲਜ਼ਮਾਂ ਦੀ ਪਛਾਣ ਸਿਮਰਜੋਤ ਸਿੰਘ ਤੇ ਅਰਸ਼ਪ੍ਰੀਤ ਸਿੰਘ ਉਰਫ ਅਰਸ਼ ਵਾਸੀ ਪਟਿਆਲਾ ਵਜੋਂ ਹੋਈ ਹੈ। ਪੁਲਿਸ ਨੇ ਦੋਵਾਂ ਕੋਲੋਂ ਦੋ ਪਿਸਤੌਲ ਅਤੇ 11 ਕਾਰਤੂਸ ਬਰਾਮਦ ਕੀਤੇ ਹਨ। ਡੀਜੀਪੀ ਪੰਜਾਬ ਗੌਰਵ ਯਾਦਵ ਨੇ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਪੋਸਟ ਕਰਕੇ ਦੋਵਾਂ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਦੋਵਾਂ ਦਾ ਅਪਰਾਧਿਕ ਇਤਿਹਾਸ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਮਈ ਮਹੀਨੇ ਵਿੱਚ ਪੁਲੀਸ ਨੇ ਇਕਬਾਲ ਪ੍ਰੀਤ ਸਿੰਘ ਉਰਫ਼ ਬੁਚੀ ਗਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ।
ਇਨ੍ਹਾਂ ਵਿੱਚ ਗੁਰਵਿੰਦਰ ਸਿੰਘ ਉਰਫ਼ ਸ਼ੇਰਾ ਆਦਿ ਸ਼ਾਮਲ ਸਨ। ਉਸ ਸਮੇਂ ਪੁਲੀਸ ਨੇ ਉਸ ਕੋਲੋਂ ਤਿੰਨ ਪਿਸਤੌਲ ਅਤੇ 13 ਕਾਰਤੂਸ ਬਰਾਮਦ ਕੀਤੇ ਸਨ। ਇਸ ਮੌਕੇ ਜਦੋਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਪੁਲੀਸ ਨੂੰ ਕਈ ਸੁਰਾਗ ਮਿਲੇ। ਉਨ੍ਹਾਂ ਦੱਸਿਆ ਕਿ ਅਮਰੀਕਾ ਦੇ ਬੇਸਡ ਇਕਬਾਲਪ੍ਰੀਤ ਸਿੰਘ ਲਈ ਕਈ ਲੋਕ ਕੰਮ ਕਰ ਰਹੇ ਹਨ। ਇਸ ਤੋਂ ਬਾਅਦ ਹੁਣ ਪੁਲਿਸ ਨੇ ਇਨ੍ਹਾਂ ਨੂੰ ਕਾਬੂ ਕਰ ਲਿਆ ਹੈ। ਮੁਲਜ਼ਮਾਂ ਨੇ ਕਬੂਲ ਕੀਤਾ ਹੈ ਕਿ ਉਨ੍ਹਾਂ ਨੇ ਇਕਬਾਲ ਦੇ ਕਹਿਣ ’ਤੇ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ।
ਹਿੰਦੂਸਥਾਨ ਸਮਾਚਾਰ