Bathinda: ਪੁਲਿਸ ਨੇ ਬਠਿੰਡਾ ਦੇ ਪਿੰਡ ਕੋਟ ਸਮੀਰ ਦੇ ਗੁਰਦੁਆਰਾ ਜੰਡਲੀ ਸਰ ਸਾਹਿਬ ’ਚ ਹਾਲ ਹੀ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੀਆਂ 9 ਔਰਤਾਂ ਅਤੇ ਇੱਕ ਆਟੋ ਚਾਲਕ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਚੋਰੀ ਦਾ ਸਾਮਾਨ ਬਰਾਮਦ ਕੀਤਾ ਹੈ।
ਗੁਰਦੁਆਰਾ ਜੰਡਲੀ ਸਰ ਦੇ ਮੁਖੀ ਮਨਪ੍ਰੀਤ ਸਿੰਘ ਵੱਲੋਂ ਪੁਲਿਸ ਚੌਕੀ ਕੋਟ ਸਮੀਰ ਨੂੰ ਸੂਚਨਾ ਦਿੱਤੀ ਗਈ ਕਿ ਕੁਝ ਔਰਤਾਂ ਗੁਰਦੁਆਰਾ ਸਹਿਬ ‘ਚੋਂ ਸਾਮਾਨ ਚੋਰੀ ਕਰ ਕੇ ਲੈ ਗਈਆਂ ਹਨ। ਜਿਸ ‘ਤੇ ਕਾਰਵਾਈ ਕਰਦੇ ਹੋਏ ਥਾਣਾ ਸਦਰ ਬਠਿੰਡਾ ਦੀ ਪੁਲਸ ਨੇ 9 ਔਰਤਾਂ ਦੇ ਨਾਂ ‘ਤੇ ਮਾਮਲਾ ਦਰਜ ਕਰ ਲਿਆ। ਜਾਂਚ ਦੌਰਾਨ ਸਾਹਮਣੇ ਆਇਆ ਕਿ ਬਠਿੰਡਾ ਦੀ ਖੇਤਾ ਸਿੰਘ ਬਸਤੀ, ਕੱਚੀ ਕਲੋਨੀ ਆਦਿ ਇਲਾਕਿਆਂ ਦੀਆਂ ਔਰਤਾਂ ਦਾ ਇੱਕ ਗਰੋਹ ਕੋਟ ਸ਼ਮੀਰ ਅਤੇ ਆਸਪਾਸ ਦੇ ਇਲਾਕਿਆਂ ਵਿੱਚ ਆਇਆ ਹੋਇਆ ਸੀ। ਇਹ ਗਿਰੋਹ ਦਿਨ-ਦਿਹਾੜੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ ਅਤੇ ਚੋਰੀ ਦਾ ਸਮਾਨ ਦੂਰ-ਦੁਰਾਡੇ ਥਾਵਾਂ ‘ਤੇ ਲੁਕਾ ਦਿੰਦਾ ਸੀ।
ਇਸ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਕਿ ਮਹਿਲਾ ਚੋਰ ਰਾਤ ਨੂੰ ਆਪਣੇ ਪੁਰਸ਼ ਸਾਥੀਆਂ ਨਾਲ ਆਉਂਦੀਆਂ ਹਨ ਅਤੇ ਵੱਖ-ਵੱਖ ਥਾਵਾਂ ‘ਤੇ ਲੁਕੋ ਕੇ ਰੱਖੇ ਸਮਾਨ ਨੂੰ ਚੁੱਕ ਕੇ ਲੈ ਜਾਂਦੀਆਂ ਹਨ। ਇਸ ਸੂਚਨਾ ਦੇ ਆਧਾਰ ‘ਤੇ ਥਾਣਾ ਤਲਵੰਡੀ ਰੋਡ ਦੇ ਮੁਖੀ ਨੇ ਪੁਲਸ ਪਾਰਟੀ ਸਮੇਤ ਨਾਕਾਬੰਦੀ ਕਰਦੇ ਹੋਏ ਆਟੋ ਰਿਕਸ਼ਾ ‘ਚ ਸਫਰ ਕਰ ਰਹੀਆਂ 9 ਔਰਤਾਂ ਨੂੰ ਪੁੱਛਗਿੱਛ ਤੋਂ ਬਾਅਦ ਆਟੋ ਰਿਕਸ਼ਾ ਸਮੇਤ ਕਾਬੂ ਕੀਤਾ ਗਿਆ। ਪੁੱਛਗਿੱਛ ਦੌਰਾਨ ਔਰਤਾਂ ਨੇ ਚੋਰੀ ਦੀ ਗੱਲ ਕਬੂਲੀ। ਇਨ੍ਹਾਂ ਦੇ ਕਬਜ਼ੇ ‘ਚੋਂ 2 ਚੋਰੀ ਦੀਆਂ ਬੈਟਰੀਆਂ, 1 ਇਨਵਰਟਰ, 1 ਪੁਰਾਣਾ ਫਰਿੱਜ, 2 ਛੱਤ ਵਾਲੇ ਪੱਖੇ, 2 ਕਾਰਾਂ ਦੇ ਰਿਮ ਬਰਾਮਦ ਹੋਏ ਹਨ।
ਹਿੰਦੂਸਥਾਨ ਸਮਾਚਾਰ