Kolkata: ਪੱਛਮੀ ਬੰਗਾਲ ਦੇ ਅਪਰਾਧਿਕ ਜਾਂਚ ਵਿਭਾਗ (ਸੀ.ਆਈ.ਡੀ.) ਨੇ ਬੰਗਲਾਦੇਸ਼ ਦੇ ਸੰਸਦ ਮੈਂਬਰ ਅਨਵਾਰੁਲ ਅਜ਼ੀਮ ਅਨਾਰ ਦੇ ਸ਼ੱਕੀ ਕਾਤਲ ਤੋਂ ਪੁੱਛਗਿੱਛ ਤੋਂ ਬਾਅਦ ਪਿੰਜਰ ਦਾ ਕੁਝ ਹਿੱਸਾ ਬਰਾਮਦ ਕੀਤਾ ਹੈ। ਸੀਆਈਡੀ ਦੇ ਇੱਕ ਅਧਿਕਾਰੀ ਨੇ ਦੱਸਿਆ ਹੈ ਕਿ ਦੱਖਣੀ 24 ਪਰਗਨਾ ਜ਼ਿਲ੍ਹੇ ਵਿੱਚ ਇੱਕ ਨਹਿਰ ਦੇ ਨੇੜੇ ਤੋਂ ਮਨੁੱਖੀ ਹੱਡੀਆਂ ਦੇ ਕੁਝ ਹਿੱਸੇ ਬਰਾਮਦ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਸ਼ੱਕੀ ਮੁਹੰਮਦ ਸਿਆਮ ਹੁਸੈਨ ਤੋਂ ਪੁੱਛਗਿੱਛ ਤੋਂ ਬਾਅਦ ਇਹ ਹੱਡੀਆਂ ਭਾਂਗਰ ਦੇ ਕ੍ਰਿਸ਼ਨਾਮਤੀ ਪਿੰਡ ‘ਚ ਬਾਗਜੋਲਾ ਨਹਿਰ ਦੇ ਦੱਖਣ-ਪੂਰਬੀ ਕਿਨਾਰੇ ਤੋਂ ਬਰਾਮਦ ਕੀਤੀਆਂ ਗਈਆਂ। ਹੁਸੈਨ ਨੂੰ ਨੇਪਾਲ ਪੁਲਿਸ ਨੇ ਹਾਲ ਹੀ ‘ਚ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਸ਼ੁੱਕਰਵਾਰ ਨੂੰ ਉਸਨੂੰ ਭਾਰਤ ਹਵਾਲੇ ਕਰ ਦਿੱਤਾ ਗਿਆ ਸੀ। ਉਸਨੂੰ ਸ਼ਨੀਵਾਰ ਨੂੰ ਪੱਛਮੀ ਬੰਗਾਲ ਲਿਆਂਦਾ ਗਿਆ। ਇਸ ਅਧਿਕਾਰੀ ਦਾ ਕਹਿਣਾ ਹੈ ਕਿ ਡਾਕਟਰਾਂ ਅਤੇ ਫੋਰੈਂਸਿਕ ਮਾਹਿਰਾਂ ਅਨੁਸਾਰ ਹੱਡੀਆਂ ਦੇ ਹਿੱਸੇ ਮਨੁੱਖ ਦੇ ਹਨ।ਇਹ ਪੁਸ਼ਟੀ ਕਰਨ ਲਈ ਫੋਰੈਂਸਿਕ ਅਤੇ ਡੀਐਨਏ ਟੈਸਟ ਕਰਵਾਏ ਜਾਣਗੇ ਕਿ ਇਹ ਬੰਗਲਾਦੇਸ਼ੀ ਸੰਸਦ ਮੈਂਬਰ ਦਾ ਹੈ ਜਾਂ ਨਹੀਂ। ਇਸ ਸਬੰਧੀ ਬਿਜੋਏਗੰਜ ਬਾਜ਼ਾਰ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਬੰਗਲਾਦੇਸ਼ੀ ਨੇਤਾ ਦੇ ਸਰੀਰ ਦੇ ਹੋਰ ਅੰਗਾਂ ਦੀ ਭਾਲ ਕੀਤੀ ਜਾ ਰਹੀ ਹੈ।
ਸੀਆਈਡੀ ਨੇ ਇਸ ਤੋਂ ਪਹਿਲਾਂ ਨਿਊ ਟਾਊਨ ਇਲਾਕੇ ‘ਚ ਇਕ ਫਲੈਟ ਦੇ ਸੈਪਟਿਕ ਟੈਂਕ ‘ਚੋਂ ਕਰੀਬ 3.5 ਕਿਲੋਗ੍ਰਾਮ ਮਾਸ ਦੇ ਟੁਕੜੇ ਬਰਾਮਦ ਕੀਤੇ ਸਨ। ਸੰਸਦ ਮੈਂਬਰ ਨੂੰ ਆਖਰੀ ਵਾਰ 12 ਮਈ ਨੂੰ ਉਸੇ ਥਾਂ ‘ਤੇ ਦੇਖਿਆ ਗਿਆ ਸੀ। ਸੀਆਈਡੀ ਅਧਿਕਾਰੀ ਨੇ ਕਿਹਾ ਕਿ ਬੰਗਲਾਦੇਸ਼ੀ ਸੰਸਦ ਮੈਂਬਰ ਦੀ ਬੇਟੀ ਡੀਐਨਏ ਟੈਸਟ ਲਈ ਅਗਲੇ ਹਫ਼ਤੇ ਕੋਲਕਾਤਾ ਪਹੁੰਚ ਸਕਦੀ ਹੈ। ਉਸਨੂੰ ਉੱਤਰੀ 24 ਪਰਗਨਾ ਜ਼ਿਲ੍ਹੇ ਦੇ ਬਾਰਾਸਾਤ ਦੀ ਇੱਕ ਸਥਾਨਕ ਅਦਾਲਤ ਨੇ 14 ਦਿਨਾਂ ਦੀ ਸੀਆਈਡੀ ਹਿਰਾਸਤ ਵਿੱਚ ਭੇਜਿਆ । ਜ਼ਿਕਰਯੋਗ ਹੈ ਕਿ ਬੰਗਲਾਦੇਸ਼ ਦੇ ਸੰਸਦ ਮੈਂਬਰ ਕਥਿਤ ਤੌਰ ‘ਤੇ ਇਲਾਜ ਲਈ 12 ਮਈ ਨੂੰ ਕੋਲਕਾਤਾ ਪਹੁੰਚੇ ਸਨ।
ਹਿੰਦੂਸਥਾਨ ਸਮਾਚਾਰ