Chandigarh: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਪੁਲਿਸ ਦੇ ਇੱਕ ਕਾਂਸਟੇਬਲ ਨੂੰ ਬਰਖਾਸਤ ਕਰਨ ਦੇ ਹੁਕਮ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨੇ ਦੱਸਿਆ ਕਿ ਉਸ ਨੂੰ ਇੱਕ ਭੂਤ ਚਿੰਬੜਿਆ ਹੋਣ ਕਾਰਨ ਉਹ ਡਿਊਟੀ ਤੋਂ ਗੈਰਹਾਜ਼ਰ ਰਿਹਾ।
33 ਸਾਲ ਪਹਿਲਾਂ ਬਰਖ਼ਾਸਤ ਹੋਏ ਇਸ ਕਾਂਸਟੇਬਲ ਤੋਂ ਜਦੋਂ ਮੈਡੀਕਲ ਸਰਟੀਫਿਕੇਟ ਮੰਗਿਆ ਗਿਆ ਤਾਂ ਉਸ ਨੇ ਅਦਾਲਤ ਵਿੱਚ ਇੱਕ ਮੌਲਵੀ ਤੋਂ ਇਲਾਜ ਕਰਵਾਉਣ ਦੀ ਦਲੀਲ ਦਿੱਤੀ ਸੀ। ਕਰਮਚਾਰੀ ਦੀ ਪਟੀਸ਼ਨ ਨੂੰ ਰੱਦ ਕਰਦਿਆਂ ਅਦਾਲਤ ਨੇ ਬਿਨਾਂ ਅਗਾਊਂ ਨੋਟਿਸ ਦੇ ਉਸ ਦੀ ਗੈਰਹਾਜ਼ਰੀ ਨੂੰ ਦੁਰਵਿਵਹਾਰ ਮੰਨਿਆ ਅਤੇ 24 ਸਾਲਾਂ ਬਾਅਦ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਪਟੀਸ਼ਨ ਦਾਇਰ ਕਰਦੇ ਹੋਏ ਸੁਰਿੰਦਰ ਪਾਲ ਨੇ ਦੱਸਿਆ ਕਿ ਉਹ ਹਿਸਾਰ ਦੇ ਐਸਪੀ ਦਫ਼ਤਰ ਵਿੱਚ ਕਾਂਸਟੇਬਲ ਵਜੋਂ ਨਿਯੁਕਤ ਸੀ। 25 ਦਸੰਬਰ 1989 ਤੋਂ 28 ਦਸੰਬਰ 1989 ਤੱਕ ਅਤੇ ਫਿਰ 22 ਜਨਵਰੀ 1990 ਤੋਂ 27 ਮਾਰਚ 1991 ਤੱਕ ਗੈਰਹਾਜ਼ਰ ਰਿਹਾ। ਗੈਰਹਾਜ਼ਰ ਰਹਿਣ ਕਾਰਨ ਉਸ ਵਿਰੁੱਧ ਵਿਭਾਗੀ ਜਾਂਚ ਸ਼ੁਰੂ ਕੀਤੀ ਗਈ ਅਤੇ ਉਸ ਨੂੰ 13 ਦਸੰਬਰ 1991 ਨੂੰ ਬਰਖਾਸਤ ਕਰ ਦਿੱਤਾ ਗਿਆ। ਹੁਕਮਾਂ ਵਿਰੁੱਧ ਉਸ ਦੀ ਅਪੀਲ ਨੂੰ ਪਹਿਲਾਂ ਆਈਜੀ ਨੇ ਰੱਦ ਕਰ ਦਿੱਤਾ ਸੀ। 21 ਫਰਵਰੀ 1993 ਨੂੰ ਡੀਜੀਪੀ ਨੇ ਵੀ ਅਪੀਲ ਰੱਦ ਕਰ ਦਿੱਤੀ, ਜਿਸ ਤੋਂ ਬਾਅਦ ਉਸ ਨੇ ਸਿਵਲ ਮੁਕੱਦਮਾ ਦਾਇਰ ਕੀਤਾ।
ਸਿਵਲ ਮੁਕੱਦਮੇ ਵਿੱਚ ਉਸ ਨੇ ਦਲੀਲ ਦਿੱਤੀ ਸੀ ਕਿ ਉਹ ਗੈਰਹਾਜ਼ਰੀ ਦੇ ਸਮੇਂ ਲਈ ਮੈਡੀਕਲ ਨਹੀਂ ਦੇ ਸਕਦਾ ਸੀ ਕਿਉਂਕਿ ਉਹ ਇੱਕ ਭੂਤ ਦੇ ਪ੍ਰਭਾਵ ਵਿੱਚ ਸੀ ਅਤੇ ਉਸ ਦਾ ਇਲਾਜ ਇੱਕ ਮੌਲਵੀ ਤੋਂ ਕਰਵਾਇਆ ਸੀ।ਸਿਵਲ ਮੁਕੱਦਮਾ ਜ਼ਿਲ੍ਹਾ ਅਦਾਲਤ ਵਿੱਚ 20 ਮਾਰਚ 1998 ਨੂੰ ਖਾਰਜ ਕਰ ਦਿੱਤਾ ਗਿਆ ਸੀ। ਸਾਲ 2000 ਵਿੱਚ ਉਸ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਮੁੜ ਬਹਾਲ ਕਰਨ ਦੀ ਮੰਗ ਕੀਤੀ ਸੀ। ਹਾਈਕੋਰਟ ਨੇ 24 ਸਾਲਾਂ ਬਾਅਦ ਪਟੀਸ਼ਨ ‘ਤੇ ਆਪਣਾ ਫੈਸਲਾ ਸੁਣਾਉਂਦੇ ਹੋਏ ਖਾਰਿਜ ਦੇ ਹੁਕਮਾਂ ‘ਤੇ ਆਪਣੀ ਮੋਹਰ ਲਗਾ ਦਿੱਤੀ ਹੈ। ਹਾਈਕੋਰਟ ਨੇ ਆਪਣੇ ਹੁਕਮ ‘ਚ ਕਿਹਾ ਕਿ ਪੁਲਿਸ ਫੋਰਸ ਅਨੁਸ਼ਾਸਨ ਬਲ ਹੈ ਅਤੇ ਇਸ ਤਰ੍ਹਾਂ ਦਾ ਰਵੱਈਆ ਦੁਰਵਿਹਾਰ ਦੀ ਸ਼੍ਰੇਣੀ ‘ਚ ਆਉਂਦਾ ਹੈ।
ਹਿੰਦੂਸਥਾਨ ਸਮਾਚਾਰ