Mumbai: ਸੁਪਰਹਿੱਟ ਫਿਲਮ ‘ਸਤ੍ਰੀ’ ਦੇ ਨਿਰਮਾਤਾ ਇਕ ਵਾਰ ਫਿਰ ਦਰਸ਼ਕਾਂ ਲਈ ਹਾਰਰ-ਕਾਮੇਡੀ ਫਿਲਮ ਲੈ ਕੇ ਆਏ ਹਨ। ਅਦਾਕਾਰਾ ਸ਼ਰਵਰੀ ਵਾਘ, ਅਭੈ ਵਰਮਾ, ਮੋਨਾ ਸਿੰਘ ਅਤੇ ਸਤਿਆਰਾਜ ਸਟਾਰਰ ਫਿਲਮ ‘ਮੁੰਜਿਆ’ ਰਿਲੀਜ਼ ਹੋ ਚੁੱਕੀ ਹੈ। ਆਦਿਤਿਆ ਸਰਪੋਤਦਾਰ ਦੇ ਨਿਰਦੇਸ਼ਨ ‘ਚ ਬਣੀ ਫਿਲਮ ‘ਮੁੰਜਿਆ’ ਨੂੰ ਬਾਕਸ ਆਫਿਸ ‘ਤੇ ਦਰਸ਼ਕਾਂ ਦਾ ਚੰਗਾ ਹੁੰਗਾਰਾ ਮਿਲ ਰਿਹਾ ਹੈ। ਫਿਲਮ ਦੀ ਕਹਾਣੀ ਅਤੇ ਵੀਐਫਐਕਸ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ, ਜਿਸ ਕਰਕੇ ਫਿਲਮ ਬਾਕਸ ਆਫਿਸ ‘ਤੇ ਚੰਗੀ ਕਮਾਈ ਕਰ ਰਹੀ ਹੈ।
ਫਿਲਮ “ਮੁੰਜਿਆ” ਨੂੰ ਦਰਸ਼ਕਾਂ ਅਤੇ ਆਲੋਚਕਾਂ ਵਲੋਂ ਬਹੁਤ ਸਲਾਹਿਆ ਗਿਆ ਹੈ ਅਤੇ ਫਿਲਮ ਨੂੰ ਐਮਆਈਡੀਬੀ ‘ਤੇ 10 ਵਿੱਚੋਂ 7.2 ਦੀ ਰੇਟਿੰਗ ਦਿੱਤੀ ਗਈ ਹੈ। ਹਾਲਾਂਕਿ ਇਕ ਪਾਸੇ ਤਾਂ ਸਭ ਕੁਝ ਠੀਕ ਚੱਲਦਾ ਨਜ਼ਰ ਆ ਰਿਹਾ ਹੈ, ਦੂਜੇ ਪਾਸੇ ਫਿਲਮ ਨੂੰ ਘੱਟ ਸਕ੍ਰੀਨ ਮਿਲ ਰਹੀਆਂ ਹਨ ਪਰ ਜਿਵੇਂ-ਜਿਵੇਂ ਫਿਲਮ ਦਿਨ-ਬ-ਦਿਨ ਚੰਗੀ ਕਮਾਈ ਕਰ ਰਹੀ ਹੈ, ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸਕ੍ਰੀਨਜ਼ ਦੀ ਗਿਣਤੀ ਵੀ ਵਧੇਗੀ।
ਫਿਲਹਾਲ ਕੋਈ ਵੀ ਅਜਿਹੀ ਫਿਲਮ ਨਹੀਂ ਹੈ ਜੋ ਬਾਕਸ ਆਫਿਸ ‘ਤੇ ‘ਮੁੰਜਿਆ’ ਦਾ ਮੁਕਾਬਲਾ ਕਰ ਸਕੇ। ਇਸ ਦਾ ਫਾਇਦਾ ‘ਮੁੰਜਿਆ’ ਨੂੰ ਹੋਇਆ ਹੈ। ਫਿਲਮ ਨੇ ਰਿਲੀਜ਼ ਦੇ ਪਹਿਲੇ ਦਿਨ 4 ਕਰੋੜ 21 ਲੱਖ ਰੁਪਏ ਦਾ ਕਾਰੋਬਾਰ ਕੀਤਾ ਹੈ। ਹੌਰਰ-ਕਾਮੇਡੀ ਫਿਲਮ ‘ਮੁੰਜਿਆ’ ਨੇ ਦੂਜੇ ਦਿਨ 6 ਕਰੋੜ 75 ਲੱਖ ਰੁਪਏ ਦੀ ਕਮਾਈ ਕੀਤੀ ਹੈ। ਫਿਲਮ ਨੇ ਭਾਰਤੀ ਬਾਕਸ ਆਫਿਸ ‘ਤੇ ਹੁਣ ਤੱਕ ਕੁੱਲ 10.96 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਮਹਿਜ਼ 30 ਕਰੋੜ ਦੇ ਬਜਟ ਨਾਲ ਬਣੀ ‘ਮੁੰਜਿਆ’ ਫਿਲਹਾਲ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਵੱਡੀ ਸਟਾਰ ਕਾਸਟ ਨਾ ਹੋਣ ਦੇ ਬਾਵਜੂਦ ਫਿਲਮ ਨੂੰ ਮਿਲ ਰਿਹਾ ਹੁੰਗਾਰਾ ਸ਼ਲਾਘਾਯੋਗ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ