Chandigarh: ਦਾਣਾ ਮੰਡੀ ‘ਚ ਮਰਹੂਮ ਪੰਜਾਬੀ ਕਵੀ ਸੁਰਜੀਤ ਪਾਤਰ ਦੀ ਯਾਦ ‘ਚ ਲੋਕ ਸ਼ਰਧਾਂਜਲੀ ਤੇ ਸਨਮਾਨ ਸੰਗਤ ਹੋਈ। ਇਸ ਮੌਕੇ ਅਜੋਕੀ ਪੰਜਾਬੀ ਕਵਿਤਾ ਦੀ ਰੂਹ ਸਰਜੀਤ ਪਾਤਰ ਨੂੰ ਧਰਤੀ ਦਾ ਗੀਤ ਸਨਮਾਨ ਨਾਲ ਸਨਮਾਨਿਆ। ਇਸ ਸੰਗਤ ‘ਚ ਹੱਕਾਂ ਦੀ ਲਹਿਰ ਦੇ ਕਾਫ਼ਲੇ ਦੇ ਹਜ਼ਾਰਾਂ ਲੋਕ ਤੇ ਪੰਜਾਬ ਦੇ ਸਾਹਿਤ ਕਲਾ ਜਗਤ ਦੀਆਂ ਨਾਮਵਰ ਸ਼ਖ਼ਸੀਅਤਾਂ ਸ਼ਾਮਲ ਹੋਈਆਂ। ਇਸ ਸੰਗਤ ਦੀ ਸ਼ੁਰੂਆਤ ਸਰਜੀਤ ਪਾਤਰ ਨੂੰ ਹਜ਼ਾਰਾਂ ਲੋਕਾਂ ਦੇ ਇਕੱਠ ਵੱਲੋਂ ਖੜ੍ਹੇ ਹੋ ਕੇ ਸ਼ਰਧਾਂਜਲੀ ਦੇਣ ਨਾਲ ਹੋਈ।
ਇਸ ਮੌਕੇ ਸੁਰਜੀਤ ਪਾਤਰ ਦੀਆਂ ਬਹੁਤ ਮਕਬੂਲ ਸਤਰਾਂ ਜਗਾ ਦੇ ਮੋਮਬੱਤੀਆਂ ਉਨ੍ਹਾਂ ਦੀ ਆਵਾਜ਼ ‘ਚ ਗੂੰਜੀਆਂ। ਇਸ ਤੋਂ ਬਾਅਦ ਮੰਚ ‘ਤੇ ਮੌਜੂਦ ਸਲਾਮ ਕਾਫ਼ਲਾ ਦੇ ਆਗੂਆਂ ਤੇ ਪੰਜਾਬ ਦੇ ਉੱਘੇ ਸਾਹਿਤਕਾਰਾਂ ਨੇ ਲੋਕਾਂ ਨਾਲ ਸੁਰਜੀਤ ਪਾਤਰ ਦੇ ਵਿਛੋੜੇ ਮਗਰੋਂ ਦੇ ਵਲਵਲਿਆਂ ਨੂੰ ਸਾਂਝਾ ਕੀਤਾ ਅਤੇ ਉਸ ਦੀ ਸਾਹਿਤਕ ਘਾਲਣਾ ਬਾਰੇ, ਉਨ੍ਹਾਂ ਦੀ ਕਵਿਤਾ ਦੀ ਅਮੀਰੀ ਬਾਰੇ ਚਰਚਾ ਕੀਤੀ।
ਸਲਾਮ ਕਾਫ਼ਲਾ ਦੇ ਕਨਵੀਨਰ ਜਸਪਾਲ ਜੱਸੀ ਨੇ ਕਿਹਾ ਕਿ ਸੁਰਜੀਤ ਪਾਤਰ ਦੀ ਕਵਿਤਾ ਦੀਆਂ ਜੜਾਂਊ ਲੋਕਾਂ ਦੀ ਧਰਤੀ ‘ਚ ਲੱਗੀਆਂ ਹੋਈਆਂ ਹਨ। ਉਨ੍ਹਾਂ ਦੀ ਕਵਿਤਾ ਹਮੇਸ਼ਾ ਲੋਕਾਂ ਦੇ ਦੁੱਖਾਂ-ਸੁੱਖਾਂ ਦੀ ਆਵਾਜ਼ ਹੋ ਕੇ ਧੜਕੀ।
ਉਨ੍ਹਾਂ ਕਿਹਾ ਕਿ ਲੋਕਾਂ ਦੀ ਲਹਿਰ ਲਈ ਸਮੁੱਚੇ ਪੰਜਾਬੀ ਸਮਾਜ ਲਈ ਸੁਰਜੀਤ ਪਾਤਰ ਦੀ ਕਵਿਤਾ ਬੇਹੱਦ ਮੁੱਲਵਾਨ ਹੈ। ਉੱਘੇ ਪੰਜਾਬੀ ਨਾਟਕਕਾਰ ਸਵਰਾਜ ਵੀਰ ਨੇ ਸੁਰਜੀਤ ਪਾਤਰ ਨੂੰ ਸਥਾਪਤੀ ਦਾ ਵਿਰੋਧੀ ਕਵੀ ਕਹਿੰਦਿਆਂ ਉਨ੍ਹਾਂ ਨੂੰ ਪੰਜਾਬੀ ਸਾਹਿਤ ਦੀ ਨਾਬਰੀ ਦੀ ਵਿਰਾਸਤ ਦੀ ਲਗਾਤਾਰਤਾ ਵਜੋਂ ਦਰਸਾਇਆ।
ਸਲਾਮ ਕਾਫ਼ਲਾ ਵੱਲੋਂ ਧਰਤੀ ਦਾ ਗੀਤ ਸਨਮਾਨ ਚਿੰਨ੍ਹ ਜਦੋਂ ਪਰਿਵਾਰ ਨੂੰ ਭੇਟ ਕੀਤਾ ਗਿਆ ਤਾਂ ਉਸ ਮੌਕੇ ਉੱਘੇ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੂੰ ਵਿਸ਼ੇਸ਼ ਤੌਰ ‘ਤੇ ਮੰਚ ‘ਤੇ ਬੁਲਾਇਆ ਗਿਆ ਅਤੇ ਉਨ੍ਹਾਂ ਸਮੇਤ ਸਲਾਮ ਕਾਫਲਾ ਦੇ ਟੀਮ ਮੈਂਬਰਾਂ ਤੇ ਮੰਚ ‘ਤੇ ਮੌਜੂਦ ਸਾਹਿਤਕਾਰਾਂ ਨੇ ਪਰਿਵਾਰ ਨੂੰ ਸਨਮਾਨ ਚਿੰਨ੍ਹ ਸੌਂਪਿਆ। ਇਸ ਦੌਰਾਨ ਸੁਰਜੀਤ ਪਾਤਰ ਦੇ ਛੋਟੇ ਭਰਾ ਉਪਕਾਰ ਸਿੰਘ ਅਤੇ ਉਨ੍ਹਾਂ ਦੇ ਬੇਟੇ ਮਨਰਾਜ ਪਾਤਰ ਨੇ ਵੀ ਆਪਣੇ ਵਲਵਲੇ ਸਰਜੀਤ ਪਾਤਰ ਦੀਆਂ ਗਜ਼ਲਾਂ ਪੇਸ਼ ਕਰਨ ਰਾਹੀਂ ਸਾਂਝੇ ਕੀਤੇ। ਮੰਚ ਸੰਚਾਲਨ ਅਮੋਲਕ ਸਿੰਘ ਵੱਲੋਂ ਕੀਤਾ ਗਿਆ। ਇਸ ਸੰਗਤ ‘ਚ ਪੰਜਾਬ ਦੇ ਦਰਜਨਾਂ ਲੋਕ ਪੱਖੀ ਸਾਹਿਤਕਾਰ ਕਲਾਕਾਰ ਪੱਤਰਕਾਰ ਬੁੱਧੀਜੀਵੀ ਤੇ ਹੋਰ ਜਮਹੂਰੀ ਹਿੱਸੇ ਹੁਮ ਹੁਮਾ ਕੇ ਪੁੱਜੇ
ਉੱਘੀ ਸਮਾਜਿਕ ਤੇ ਜਮਹੂਰੀ ਕਾਰਕੁੰਨ ਡਾ. ਨਵਸ਼ਰਨ, ਡਾ. ਸਾਹਿਬ ਸਿੰਘ, ਸੁਖਦੇਵ ਸਿੰਘ ਸਿਰਸਾ ਨੇ ਸੁਰਜੀਤ ਪਾਤਰ ਨੂੰ ਲੋਕਾਂ ਦੀ ਫਿਰਦਾ ਵੱਡਾ ਕਵੀ ਕਰਾਰ ਦਿੱਤਾ। ਉਨ੍ਹਾਂ ਨੇ ਪੰਜਾਬ ਦੇ ਸਾਹਿਤਕਾਰਾਂ ਤੇ ਕਲਾਕਾਰਾਂ ਨੂੰ ਸਵਾਲ ਪਾਇਆ ਕਿ ਉਹ ਪਾਤਰ ਦੀ ਲੋਕ ਪੱਖੀ ਸਾਹਿਤਕ ਵਿਰਾਸਤ ਨੂੰ ਆਤਮਸਾਤ ਕਰਨ ਅਤੇ ਇਸ ‘ਤੇ ਪਹਿਰਾ ਦੇਣ। ਸੁਰਜੀਤ ਪਾਤਰ ਵੱਲੋਂ ਕਿਸਾਨ ਸੰਘਰਸ਼ ਦੌਰਾਨ ਸਾਂਭੇ ਸਾਹਿਤਕ ਮੋਰਚੇ ਦੀ ਭੂਮਿਕਾ ਦੀ ਵਿਸ਼ੇਸ਼ ਕਰ ਕੇ ਚਰਚਾ ਹੋਈ।
ਹਿੰਦੂਸਥਾਨ ਸਮਾਚਾਰ