Imphal: ਮਣੀਪੁਰ ਵਿੱਚ ਫਿਰ ਤੋਂ ਹਿੰਸਾ ਭੜਕਣ ਤੋਂ ਬਾਅਦ ਜਿਰੀਬਾਮ ਤੋਂ 30 ਕਿਲੋਮੀਟਰ ਦੂਰ ਪਿੰਡਾਂ ਵਿੱਚ ਰਾਹਤ ਕੈਂਪਾਂ ਵਿੱਚ ਰਹਿ ਰਹੇ 200 ਤੋਂ ਵੱਧ ਲੋਕਾਂ ਨੂੰ ਜਿਰੀਬਾਮ ਦੇ ਰਾਹਤ ਕੈਂਪ ਵਿੱਚ ਲਿਆਂਦਾ ਗਿਆ ਹੈ।
ਮਣੀਪੁਰ ਪੁਲਿਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਜਿਰੀਬਾਮ ਜ਼ਿਲ੍ਹੇ ਦੇ ਬਾਹਰੀ ਪਿੰਡਾਂ ਲਮਤਾਈ ਖੁਨੌ, ਬੇਗਰਾ, ਨੂਨਖਾਲ, ਦਿਬੋਂਗ ਖੁਨੌ ਆਦਿ ਵਿੱਚ ਰਹਿਣ ਵਾਲੇ ਲੋਕਾਂ ਦੇ ਘਰਾਂ ਨੂੰ ਕੱਲ੍ਹ ਪਿੰਡ ਵਾਸੀਆਂ ਨੇ ਸਾੜ ਦਿੱਤਾ ਸੀ। ਮਣੀਪੁਰ ਪੁਲੀਸ ਨੇ ਇਨ੍ਹਾਂ ਕੈਂਪਾਂ ਦੀ ਸੁਰੱਖਿਆ ਲਈ ਕਮਾਂਡੋ ਪੁਲੀਸ ਤਾਇਨਾਤ ਕੀਤੀ ਹੈ।
ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਅਣਪਛਾਤੇ ਹਮਲਾਵਰਾਂ ਵੱਲੋਂ ਸੋਇਬਾਮ ਸ਼ਰਤ ਕੁਮਾਰ ਸਿੰਘ (59) ਨਾਮਕ ਵਿਅਕਤੀ ਦੀ ਹੱਤਿਆ ਤੋਂ ਬਾਅਦ ਜਿਰੀਬਾਮ ‘ਚ ਹਿੰਸਾ ਭੜਕ ਗਈ ਸੀ। ਉਥੇ ਆਸ-ਪਾਸ ਦੇ ਪਿੰਡਾਂ ਦੇ ਖਾਲੀ ਪਏ ਘਰਾਂ ਨੂੰ ਸਾੜ ਦਿੱਤਾ। ਹਾਲਾਂਕਿ, ਇਨ੍ਹਾਂ ਘਰਾਂ ਵਿੱਚ ਰਹਿਣ ਵਾਲੇ ਲੋਕ ਪਹਿਲਾਂ ਹੀ ਸ਼ਰਨਾਰਥੀ ਕੈਂਪਾਂ ’ਚ ਗਏ ਹੋਏ ਸਨ।
ਉੱਥੇ ਹੀ ਮਣੀਪੁਰ ਵਿੱਚ ਸਵੈ-ਰੱਖਿਆ ਲਈ ਲਾਇਸੈਂਸੀ ਹਥਿਆਰ ਰੱਖਣ ਵਾਲੇ ਲੋਕਾਂ ਨੇ ਹਥਿਆਰਾਂ ਦੀ ਵਾਪਸੀ ਲਈ ਵਿਰੋਧ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਚੋਣਾਂ ਮੌਕੇ ਜਮ੍ਹਾਂ ਕਰਵਾਏ ਹਥਿਆਰਾਂ ਨੂੰ ਵਾਪਸ ਕਰਨ ਵਿੱਚ ਦੇਰੀ ਕੀਤੀ ਜਾ ਰਹੀ ਹੈ। ਇਸ ਕਾਰਨ ਉਨ੍ਹਾਂ ਦੀ ਜਾਨ-ਮਾਲ ਨੂੰ ਖਤਰਾ ਹੈ।
ਵਰਣਨਯੋਗ ਹੈ ਕਿ ਜਿਰੀਬਾਮ ਮਣੀਪੁਰ ਵਿੱਚ ਇੱਕ ਅਜਿਹਾ ਸਥਾਨ ਹੈ ਜਿੱਥੇ ਨਗਾ, ਕੁਕੀ, ਗੈਰ-ਮਣੀਪੁਰੀ, ਮਣੀਪੁਰੀ, ਮੈਤਈ ਅਤੇ ਮੁਸਲਮਾਨ ਆਦਿ ਸਾਰੇ ਭਾਈਚਾਰਿਆਂ ਦੇ ਲੋਕ ਰਹਿੰਦੇ ਹਨ। ਪਿਛਲੇ ਇੱਕ ਸਾਲ ਤੋਂ ਚੱਲ ਰਹੀ ਹਿੰਸਾ ਦਾ ਅਸਰ ਜਿਰੀਬਾਮ ਵਿੱਚ ਦੇਖਣ ਨੂੰ ਨਹੀਂ ਮਿਲਿਆ ਸੀ। ਹਾਲਾਂਕਿ ਸਥਿਤੀ ਨੂੰ ਕਾਬੂ ਕਰਨ ਲਈ ਸਰਕਾਰ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ