Mohali: ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਕਿਹਾ ਕਿ ਬੀਤੇ ਦਿਨ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਨੌਤ ਨੂੰ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਨਾਲ ਕਿਸੇ ਕਿਸਮ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਕਿਸਾਨ ਯੂਨੀਅਨ ਰਾਜੇਵਾਲ ਦੇ ਸਕੱਤਰ ਪਰਮਦੀਪ ਸਿੰਘ ਬੈਦਵਾਨ ਨੇ ਦੱਸਿਆ ਕਿ ਇਸ ਸੰਬੰਧੀ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਜਿਲ੍ਹਾ ਮੁਹਾਲੀ ਦੇ ਆਗੂਆਂ ਦੀ ਮੀਟਿੰਗ ’ਚ ਇਸ ਘਟਨਾ ਬਾਰੇ ਵਿਚਾਰ ਕੀਤੀ ਗਈ ਅਤੇ ਸੀ. ਆਈ. ਐਸ. ਐਫ. ਦੀ ਕਾਂਸਟੇਬਲ ਕੁਲਵਿੰਦਰ ਕੌਰ ਦੇ ਸਮਰਥਨ ਦਾ ਐਲਾਨ ਕੀਤਾ ਗਿਆ।
ਉਨਾਂ ਦੱਸਿਆ ਕਿ ਮੀਟਿੰਗ ਦੌਰਾਨ ਮਤਾ ਪਾਸ ਕੀਤਾ ਗਿਆ ਕਿ ਪੰਜਾਬੀਆਂ ਨੂੰ ਕਦੇ ਦਹਿਸ਼ਤਵਾਦੀ ਅਤੇ ਕਦੇ ਖਾਸਿਲਤਾਨੀ ਕਹਿ ਕੇ ਸੰਬੋਧਨ ਕਰਨ ਵਾਲੀ ਭਾਜਪਾ ਦੀ ਇਸ ਸਾਂਸਦ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਆਗੂਆਂ ਨੇ ਕਿਹਾ ਕਿ ਇਸ ਸਾਂਸਦ ਵਲੋਂ ਸੀ. ਆਈ. ਐਸ. ਐਫ. ਦੀ ਮੁਲਜ਼ਮ ਕੁਲਵਿੰਦਰ ਕੌਰ ਨੂੰ ਵੀ ਖਾਲਿਸਤਾਨੀ ਕਿਹਾ ਗਿਆ ਸੀ ਅਤੇ ਉਹ ਜਾਣ ਬੁਝ ਕੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੀ ਹੈ।
ਆਗੂਆਂ ਨੇ ਮੰਗ ਕੀਤੀ ਕਿ ਕੰਗਣਾ ਰਣੌਤ ’ਤੇ ਬਣਦੀ ਕਾਰਵਾਈ ਕੀਤੀ ਜਾਵੇ। ਉਨਾਂ ਕਿਹਾ ਕਿ ਕੁਲਵਿੰਦਰ ਕੌਰ ਨਾਲ ਸਾਰੀਆਂ ਕਿਸਾਨ ਜਥੇਬੰਦੀਆਂ ਖੜੀਆਂ ਹਨ ਜੇ ਕਿਸੇ ਕਿਸਮ ਦਾ ਧੱਕਾ ਕੁਲਵਿੰਦਰ ਕੌਰ ਨਾਲ ਕੀਤਾ ਤਾਂ ਕਿਸਾਨ ਉਸਦੇ ਖਿਲਾਫ ਸਖ਼ਤ ਐਕਸ਼ਨ ਕਰਣਗੇ ਅਤੇ ਕੁਲਵਿੰਦਰ ਕੌਰ ਨੂੰ ਇਨਸਾਫ ਦਿਵਾਉਣ ਲਈ ਸੜਕਾਂ ’ਤੇ ਉਤਰਨ ਵਿੱਚ ਗੁਰੇਜ ਨਹੀਂ ਕਰਣਗੇ।
ਹਿੰਦੂਸਥਾਨ ਸਮਾਚਾਰ