Mumbai: ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਮਿਤ ਸ਼ਾਹ ਸ਼ਨੀਵਾਰ ਦਿੱਲੀ ‘ਚ ਮਹਾਰਾਸ਼ਟਰ ਦੇ ਗਠਜੋੜ ਨੇਤਾਵਾਂ ਨਾਲ ਬੈਠਕ ਕਰਨਗੇ। ਉਨ੍ਹਾਂ ਨੇ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫਡਨਵੀਸ ਨੂੰ ਕੰਮ ਕਰਦੇ ਰਹਿਣ ਲਈ ਕਿਹਾ ਹੈ। ਮੀਟਿੰਗ ਦੇ ਮੱਦੇਨਜ਼ਰ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਸ਼ਨੀਵਾਰ ਵਰਸ਼ਾ ਸਰਕਾਰੀ ਰਿਹਾਇਸ਼ ‘ਤੇ ਹੋਣ ਵਾਲੀ ਐਨਡੀਏ ਆਗੂਆਂ ਅਤੇ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਦੀ ਮੀਟਿੰਗ ਰੱਦ ਕਰ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਦੇਵੇਂਦਰ ਫਡਨਵੀਸ ਨੇ ਲੋਕ ਸਭਾ ਚੋਣਾਂ ‘ਚ ਮਹਾਰਾਸ਼ਟਰ ‘ਚ ਐਨਡੀਏ ਨੂੰ ਉਮੀਦ ਮੁਤਾਬਕ ਸੀਟਾਂ ਨਾ ਮਿਲਣ ਦੀ ਜ਼ਿੰਮੇਵਾਰੀ ਲੈਂਦੇ ਹੋਏ ਉਪ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦੀ ਪੇਸ਼ਕਸ਼ ਕੀਤੀ ਸੀ। ਇਸ ਸਬੰਧ ‘ਚ ਫਡਨਵੀਸ ਨੇ ਸ਼ੁੱਕਰਵਾਰ ਨੂੰ ਦਿੱਲੀ ‘ਚ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਸ਼ਾਹ ਨੇ ਉਨ੍ਹਾਂ ਨੂੰ ਨਵੀਂ ਸਰਕਾਰ ਦੇ ਸਹੁੰ ਚੁੱਕ ਸਮਾਗਮ ਤੱਕ ਕੰਮ ਕਰਦੇ ਰਹਿਣ ਦੀ ਅਪੀਲ ਕੀਤੀ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਸ਼ਨੀਵਾਰ ਨੂੰ ਐਨਡੀਏ ਸਹਿਯੋਗੀ ਪਾਰਟੀਆਂ ਦੇ ਨੇਤਾਵਾਂ ਅਤੇ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਨਾਲ ਮੀਟਿੰਗ ਤੈਅ ਕੀਤੀ।
ਸ਼ਨੀਵਾਰ ਸਵੇਰੇ ਜਿਵੇਂ ਹੀ ਅਮਿਤ ਸ਼ਾਹ ਦੀ ਮੀਟਿੰਗ ਤੈਅ ਹੋਣ ਦੀ ਸੂਚਨਾ ਮਿਲੀ, ਮੁੱਖ ਮੰਤਰੀ ਨੇ ਅੱਜ ਸ਼ਾਮ ਹੋਣ ਵਾਲੀ ਆਪਣੀ ਮੀਟਿੰਗ ਰੱਦ ਕਰ ਦਿੱਤੀ। ਮੁੱਖ ਮੰਤਰੀ ਸਕੱਤਰੇਤ ਤੋਂ ਸੂਚਨਾ ਮਿਲੀ ਹੈ ਕਿ ਮੁੱਖ ਮੰਤਰੀ ਸਮੇਤ ਮਹਾਰਾਸ਼ਟਰ ਦੇ ਐਨਡੀਏ ਆਗੂ ਅੱਜ ਦਿੱਲੀ ਜਾਣਗੇ। ਇਸ ਬੈਠਕ ‘ਚ ਅਮਿਤ ਸ਼ਾਹ ਮਹਾਰਾਸ਼ਟਰ ਦੇ ਐਨਡੀਏ ਨੇਤਾਵਾਂ ਨੂੰ ਕੀ ਦਿਸ਼ਾ-ਨਿਰਦੇਸ਼ ਦਿੰਦੇ ਹਨ, ਇਸ ‘ਤੇ ਸਭ ਦੀਆਂ ਨਜ਼ਰਾਂ ਹਨ।
ਜ਼ਿਕਰਯੋਗ ਹੈ ਕਿ 2019 ਦੀਆਂ ਲੋਕ ਸਭਾ ਚੋਣਾਂ ‘ਚ ਮਹਾਰਾਸ਼ਟਰ ਦੀਆਂ 48 ‘ਚੋਂ 41 ਸੀਟਾਂ ‘ਤੇ ਐਨਡੀਏ ਨੇ ਜਿੱਤ ਦਰਜ ਕੀਤੀ ਸੀ। ਪਰ ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਵਿੱਚ ਫੁੱਟ ਤੋਂ ਬਾਅਦ ਸੀਐਮ ਸ਼ਿੰਦੇ ਦੀ ਸ਼ਿਵ ਸੈਨਾ ਅਤੇ ਐਨਸੀਪੀ ਵਿੱਚ ਫੁੱਟ ਪੈਣ ਤੋਂ ਬਾਅਦ ਉਪ ਮੁੱਖ ਮੰਤਰੀ ਅਜੀਤ ਪਵਾਰ ਦੀ ਐਨਸੀਪੀ ਨੇ ਐਨਡੀਏ ਵਿੱਚ ਸ਼ਾਮਲ ਹੋ ਕੇ ਚੋਣ ਲੜੀ ਸੀ। ਮਹਾਰਾਸ਼ਟਰ ਵਿੱਚ ਨਵੇਂ ਐਨਡੀਏ ਗਠਜੋੜ ਨੂੰ ਸਿਰਫ਼ 17 ਸੀਟਾਂ ਹੀ ਮਿਲ ਸਕੀਆਂ ਹਨ।
ਹਿੰਦੂਸਥਾਨ ਸਮਾਚਾਰ