New Delhi: ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਅਗਵਾਈ ਵਾਲੀ ਰਾਸ਼ਟਰੀ ਜਨਤਾਂਤਰਿਕ ਗਠਜੋੜ (ਐੱਨ.ਡੀ.ਏ.) ਸੰਸਦੀ ਦਲ ਦੀ ਬੈਠਕ ਅੱਜ ਸਵੇਰੇ 11 ਵਜੇ ਸੰਸਦ ਦੇ ਕੇਂਦਰੀ ਹਾਲ ‘ਚ ਬੁਲਾਈ ਗਈ ਹੈ। ਇਸ ਵਿੱਚ ਆਮ ਚੋਣਾਂ ਵਿੱਚ ਨਵੇਂ ਚੁਣੇ ਗਏ ਐਨਡੀਏ ਦੇ ਸਾਰੇ ਲੋਕ ਸਭਾ ਮੈਂਬਰ ਹਿੱਸਾ ਲੈਣਗੇ। ਬੈਠਕ ‘ਚ ਸਰਕਾਰ ਬਣਾਉਣ ‘ਤੇ ਚਰਚਾ ਕੀਤੀ ਜਾਵੇਗੀ। ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਗਾਤਾਰ ਤੀਜੀ ਵਾਰ ਸੰਸਦੀ ਦਲ ਦਾ ਨੇਤਾ ਚੁਣਿਆ ਜਾਵੇਗਾ।
ਦੱਸਿਆ ਗਿਆ ਹੈ ਕਿ ਸ਼ਾਮ ਨੂੰ ਸਾਰੀਆਂ ਸਹਿਯੋਗੀ ਪਾਰਟੀਆਂ ਦੇ ਆਗੂ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਐੱਨਡੀਏ ਸੰਸਦੀ ਦਲ ਦੇ ਨੇਤਾ ਨਰਿੰਦਰ ਮੋਦੀ ਦੀ ਅਗਵਾਈ ‘ਚ ਲਗਾਤਾਰ ਤੀਜੀ ਵਾਰ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਜਾ ਸਕਦਾ ਹੈ। ਇਨ੍ਹਾਂ ਆਮ ਚੋਣਾਂ ਵਿੱਚ ਐੱਨਡੀਏ ਨੇ 293 ਸੀਟਾਂ ਜਿੱਤ ਕੇ ਬਹੁਮਤ ਦਾ ਅੰਕੜਾ ਪਾਰ ਕਰ ਲਿਆ ਹੈ। ਭਾਜਪਾ ਲੋਕ ਸਭਾ ਵਿਚ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ। ਇਸਨੇ ਆਮ ਚੋਣਾਂ ਵਿੱਚ 240 ਸੀਟਾਂ ਹਾਸਲ ਕੀਤੀਆਂ ਹਨ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਐੱਨਡੀਏ ‘ਚ ਸ਼ਾਮਲ ਪਾਰਟੀਆਂ ਦੇ ਨੇਤਾਵਾਂ ਨੇ ਬੈਠਕ ਕੀਤੀ ਅਤੇ ਸਰਬਸੰਮਤੀ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਨੇਤਾ ਚੁਣ ਲਿਆ। ਪ੍ਰਧਾਨ ਮੰਤਰੀ ਮੋਦੀ ਨੇ ਬਾਅਦ ਵਿੱਚ ਕਿਹਾ ਕਿ ਉਹ ਸਾਡੇ ਕੀਮਤੀ ਐਨਡੀਏ ਸਹਿਯੋਗੀਆਂ ਨੂੰ ਮਿਲੇ ਹਨ। ਐਨਡੀਏ ਵਿਕਸਤ ਭਾਰਤ ਦੇ ਨਿਰਮਾਣ ਲਈ ਕੰਮ ਕਰੇਗਾ।
ਹਿੰਦੂਸਥਾਨ ਸਮਾਚਾਰ