Chandigarh: ਚੰਡੀਗੜ੍ਹ ਏਅਰਪੋਰਟ ‘ਤੇ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ ਮਹਿਲਾ ਕਾਂਸਟੇਬਲ ਨੂੰ ਸੀਆਈਐਸਐਫ ਨੇ ਮੁਅੱਤਲ ਕਰ ਦਿੱਤਾ ਹੈ। ਇਸ ਦੌਰਾਨ ਚੰਡੀਗੜ੍ਹ ਤੋਂ ਦਿੱਲੀ ਪਹੁੰਚ ਕੇ ਕੰਗਨਾ ਰਣੌਤ ਨੇ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਉਹ ਸੁਰੱਖਿਅਤ ਹਨ ਪਰ ਉਹ ਪੰਜਾਬ ਵਿੱਚ ਫੈਲ ਰਹੇ ਅੱਤਵਾਦ ਅਤੇ ਕੱਟੜਵਾਦ ਤੋਂ ਚਿੰਤਤ ਹੈ।
ਕੰਗਨਾ ਰਣੌਤ ਮੰਡੀ ਲੋਕ ਸਭਾ ਹਲਕੇ ਤੋਂ ਚੁਣੇ ਜਾਣ ਤੋਂ ਬਾਅਦ ਚੰਡੀਗੜ੍ਹ ਦੇ ਰਸਤੇ ਦਿੱਲੀ ਜਾਣ ਲਈ ਅੱਜ ਚੰਡੀਗੜ੍ਹ ਹਵਾਈ ਅੱਡੇ ‘ਤੇ ਪਹੁੰਚੀ। ਸੁਰੱਖਿਆ ਜਾਂਚ ਤੋਂ ਬਾਅਦ ਜਿਵੇਂ ਹੀ ਕੰਗਨਾ ਅੰਦਰ ਜਾਣ ਲੱਗੀ ਤਾਂ ਸੀਆਈਐਸਐਫ ਦੀ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਨੇ ਉਨ੍ਹਾਂ ਨੂੰ ਥੱਪੜ ਮਾਰ ਦਿੱਤਾ। ਇਸ ਤੋਂ ਬਾਅਦ ਕੁਲਵਿੰਦਰ ਕੌਰ ਸੁਰੱਖਿਆ ਜਾਂਚ ਕੈਬਿਨ ਤੋਂ ਬਾਹਰ ਆ ਗਈ ਅਤੇ ਕਿਸਾਨ ਅੰਦੋਲਨ ਦੌਰਾਨ ਕੰਗਨਾ ਵੱਲੋਂ ਦਿੱਤੇ ਗਏ ਬਿਆਨ ‘ਤੇ ਇਤਰਾਜ਼ ਜਤਾਇਆ। ਕੁਲਵਿੰਦਰ ਨੇ ਕਿਹਾ ਕਿ ਉਸਦੀ ਮਾਂ ਕਿਸਾਨ ਅੰਦੋਲਨ ‘ਚ ਗਈ ਸੀ ਪਰ 100 ਰੁਪਏ ਦਿਹਾੜੀ ‘ਤੇ ਨਹੀਂ ਗਈ ਸੀ।
ਕੁਲਵਿੰਦਰ ਕੌਰ ਬੈਰੀਕੇਡ ਦੇ ਆਲੇ ਦੁਆਲੇ ਉੱਚੀ ਆਵਾਜ਼ ਵਿੱਚ ਕੰਗਨਾ ਨੂੰ ਧਮਕਾਉਂਦੀ ਘੁੰਮਦੀ ਰਹੀ। ਜਿਸਨੂੰ ਉਥੇ ਮੌਜੂਦ ਹੋਰ ਸੁਰੱਖਿਆ ਕਰਮੀਆਂ ਨੇ ਹਿਰਾਸਤ ਵਿਚ ਲੈ ਲਿਆ। ਇਸ ਤੋਂ ਬਾਅਦ ਕੰਗਨਾ ਦਿੱਲੀ ਤੋਂ ਚੰਡੀਗੜ੍ਹ ਲਈ ਰਵਾਨਾ ਹੋ ਗਈ। ਦਿੱਲੀ ਪਹੁੰਚਣ ਤੋਂ ਬਾਅਦ ਕੰਗਨਾ ਰਣੌਤ ਨੇ ਇੱਕ ਵੀਡੀਓ ਜਾਰੀ ਕਰਦਿਆਂ ਕਿਹਾ ਕਿ ਉਹ ਪੂਰੀ ਤਰ੍ਹਾਂ ਸੁਰੱਖਿਅਤ ਹਨ ਪਰ ਉਹ ਪੰਜਾਬ ਵਿੱਚ ਲਗਾਤਾਰ ਵੱਧ ਰਹੇ ਅੱਤਵਾਦ ਅਤੇ ਕੱਟੜਵਾਦ ਤੋਂ ਚਿੰਤਤ ਹੈ। ਇਸ ਦੌਰਾਨ ਸੀਆਈਐਸਐਫ ਨੇ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਨੂੰ ਮੁਅੱਤਲ ਕਰਕੇ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੀਆਈਐਸਐਫ ਨੇ ਕੁਲਵਿੰਦਰ ਕੌਰ ਦੇ ਖ਼ਿਲਾਫ਼ ਸਥਾਨਕ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਹੈ।
ਇਸ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਕੰਗਨਾ ਰਣੌਤ ਦੇ ਮਾਮਲੇ ਵਿੱਚ ਕਿਹਾ ਕਿ ਸੀਆਈਐਸਐਫ ਅਧਿਕਾਰੀਆਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਇਸ ਮਾਮਲੇ ਦੀ ਜਾਂਚ ਰਿਪੋਰਟ ਵੀ ਮੰਗੀ ਹੈ। ਫਿਲਹਾਲ ਜਾਂਚ ਚੱਲ ਰਹੀ ਹੈ। ਜੋ ਵੀ ਹੋਇਆ ਹੈ ਗਲਤ ਹੋਇਆ ਹੈ। ਸੈਣੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਦੋਸ਼ੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਹਿੰਦੂਸਥਾਨ ਸਮਾਚਾਰ