Chandigarh: ਹਿਮਾਚਲ ਦੇ ਮੰਡੀ ਤੋਂ ਸੰਸਦ ਬਣੀ ਕੰਗਨਾ ਰਣੌਤ ਦੇ ਨਾਲ ਬੀਤੇ ਦਿਨ ਚੰਡੀਗੜ੍ਹ ਹਵਾਈ ਅੱਡੇ ‘ਤੇ ਸੀਆਈਐਸਐਫ ਦੀ ਇੱਕ ਮਹਿਲਾ ਕਰਮਚਾਰੀ ਨੇ ਬਦਤਮੀਜ਼ੀ ਕਰਦਿਆਂ ਉਨ੍ਹਾਂ ਨੂੰ ਥੱਪੜ ਮਾਰ ਦਿੱਤਾ। ਮਹਿਲਾ ਮੁਲਾਜ਼ਮ ਦਾ ਨਾਮ ਕੁਲਵਿੰਦਰ ਕੌਰ ਦੱਸਿਆ ਗਿਆ ਹੈ। ਮਹਿਲਾ ਮੁਲਾਜ਼ਮ ਕਿਸਾਨ ਅੰਦੋਲਨ ਦੌਰਾਨ ਕੰਗਨਾ ਰਣੌਤ ਵੱਲੋਂ ਕਿਸਾਨਾਂ ਨੂੰ ਲੈ ਕੇ ਦਿੱਤੇ ਬਿਆਨ ਤੋਂ ਦੁਖੀ ਸੀ।
ਕੰਗਨਾ ਰਣੌਤ ਮੰਡੀ ਲੋਕ ਸਭਾ ਹਲਕੇ ਤੋਂ ਚੁਣੇ ਜਾਣ ਤੋਂ ਬਾਅਦ ਚੰਡੀਗੜ੍ਹ ਦੇ ਰਸਤੇ ਦਿੱਲੀ ਜਾਣ ਲਈ ਅੱਜ ਚੰਡੀਗੜ੍ਹ ਹਵਾਈ ਅੱਡੇ ‘ਤੇ ਪਹੁੰਚੀ। ਸੁਰੱਖਿਆ ਜਾਂਚ ਤੋਂ ਬਾਅਦ ਕੰਗਨਾ ਸਹਿਯੋਗੀ ਨਾਲ ਵੇਟਿੰਗ ਲਾਉਂਜ ‘ਚ ਬੈਠੀ ਸੀ। ਇਸੇ ਦੌਰਾਨ ਸੀਆਈਐਸਐਫ ਦੀ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਉਥੇ ਆ ਗਈ। ਕੰਗਨਾ ਨੇ ਉਸਨੂੰ ਵਰਦੀ ਵਿੱਚ ਹੋਣ ਕਰਕੇ ਸਹਿਜੇ ਹੀ ਲਿਆ ਅਤੇ ਸੋਚਿਆ ਕਿ ਸ਼ਾਇਦ ਉਹ ਉਨ੍ਹਾਂ ਨੂੰ ਮਿਲਣ ਲਈ ਅੱਗੇ ਜਾ ਰਹੀ ਹੈ। ਇਸ ਦੌਰਾਨ ਕੁਲਵਿੰਦਰ ਕੌਰ ਨੇ ਕੰਗਨਾ ਰਣੌਤ ਨੂੰ ਥੱਪੜ ਮਾਰ ਦਿੱਤਾ। ਇਸ ਤੋਂ ਪਹਿਲਾਂ ਕਿ ਕੰਗਨਾ ਕੁਝ ਸਮਝ ਪਾਉਂਦੀ, ਉਨ੍ਹਾਂ ਦੇ ਨਾਲ ਮੌਜੂਦ ਸਟਾਫ ਨੇ ਮਹਿਲਾ ਕਾਂਸਟੇਬਲ ਨੂੰ ਫੜ ਲਿਆ। ਘਟਨਾ ਦੀ ਸੂਚਨਾ ਮਿਲਦੇ ਹੀ ਸੀਆਈਐਸਐਫ ਦੇ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਮਹਿਲਾ ਕਾਂਸਟੇਬਲ ਨੂੰ ਹਿਰਾਸਤ ਵਿੱਚ ਲੈ ਲਿਆ।
ਮੁੱਢਲੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਮਹਿਲਾ ਮੁਲਾਜ਼ਮ ਨੇ ਕੰਗਨਾ ਨੂੰ ਇਸ ਲਈ ਥੱਪੜ ਮਾਰਿਆ ਕਿਉਂਕਿ ਕਿਸਾਨ ਅੰਦੋਲਨ ਦੌਰਾਨ ਉਸ ਵੱਲੋਂ ਦਿੱਤੇ ਬਿਆਨਾਂ ਤੋਂ ਉਹ ਦੁਖੀ ਸੀ। ਹਾਲਾਂਕਿ ਇਸ ਦੌਰਾਨ ਕੰਗਨਾ ਨੇ ਚੰਡੀਗੜ੍ਹ ‘ਚ ਕੋਈ ਲਿਖਤੀ ਸ਼ਿਕਾਇਤ ਨਹੀਂ ਦਿੱਤੀ ਅਤੇ ਉਹ ਫਲਾਈਟ ਰਾਹੀਂ ਦਿੱਲੀ ਲਈ ਰਵਾਨਾ ਹੋ ਗਈ।
ਹਿੰਦੂਸਥਾਨ ਸਮਾਚਾਰ