New Delhi: ਕੇਂਦਰ ਵਿੱਚ ਐਨਡੀਏ ਦੀ ਸਰਕਾਰ ਬਣਨਾ ਲਗਭਗ ਤੈਅ ਹੋਣ ਕਰਕੇ ਘਰੇਲੂ ਸ਼ੇਅਰ ਬਾਜ਼ਾਰ ਵਿੱਚ ਉਤਸ਼ਾਹ ਦਾ ਮਾਹੌਲ ਹੈ। ਅੱਜ ਦੇ ਕਾਰੋਬਾਰ ਦੀ ਸ਼ੁਰੂਆਤ ਮਜ਼ਬੂਤੀ ਨਾਲ ਹੋਈ। ਹਾਲਾਂਕਿ ਬਾਜ਼ਾਰ ਖੁੱਲ੍ਹਣ ਤੋਂ ਬਾਅਦ ਮੁਨਾਫਾ ਬੁਕਿੰਗ ਲਈ ਬਿਕਵਾਲੀ ਦਾ ਕੁਝ ਸਮੇਂ ਲਈ ਦਬਾਅ ਵੀ ਬਣਿਆ ਨਜ਼ਰ ਆਇਆ। ਪਰ ਕੁਝ ਸਮੇਂ ਬਾਅਦ ਖਰੀਦਦਾਰਾਂ ਨੇ ਫਿਰ ਖਰੀਦਦਾਰੀ ਦਾ ਦਬਾਅ ਬਣਾ ਕੇ ਸ਼ੇਅਰ ਬਾਜ਼ਾਰ ਦੀ ਰਫਤਾਰ ਵਧਾ ਦਿੱਤੀ।
ਕਾਰੋਬਾਰ ਦੌਰਾਨ 11:00 ਵਜੇ ਤੱਕ ਸੈਂਸੈਕਸ 789.16 (1.06 ਫੀਸਦੀ) ਦੀ ਮਜ਼ਬੂਤੀ ਨਾਲ 75,171.40 ਅੰਕ ਦੇ ਪੱਧਰ ’ਤੇ ਅਤੇ ਨਿਫਟੀ 245.15 (1.08 ਫੀਸਦੀ) ਮਜ਼ਬੂਤੀ ਨਾਲ 22,865.50 ਅੰਕ ਦੇ ਪੱਧਰ ’ਤੇ ਕਾਰੋਬਾਰ ਕਰਦੇ ਦਿਖਾਈ ਦਿੱਤੇ।
ਕਾਰੋਬਾਰ ਦੇ ਪਹਿਲੇ ਘੰਟੇ ਬਾਅਦ ਸ਼ੇਅਰ ਬਾਜ਼ਾਰ ਦੇ ਦਿੱਗਜ਼ ਸ਼ੇਅਰਾਂ ‘ਚੋਂ ਕੋਲ ਇੰਡੀਆ, ਐੱਨ.ਟੀ.ਪੀ.ਸੀ., ਓ.ਐੱਨ.ਜੀ.ਸੀ., ਸ਼੍ਰੀਰਾਮ ਫਾਈਨਾਂਸ ਅਤੇ ਸਟੇਟ ਬੈਂਕ ਆਫ ਇੰਡੀਆ ਦੇ ਸ਼ੇਅਰ 4.22 ਫੀਸਦੀ ਤੋਂ 3.36 ਫੀਸਦੀ ਮਜ਼ਬੂਤੀ ਨਾਲ ਕਾਰੋਬਾਰ ਕਰ ਰਹੇ ਸਨ। ਦੂਜੇ ਪਾਸੇ ਹੀਰੋ ਮੋਟੋਕਾਰਪ, ਹਿੰਦੁਸਤਾਨ ਯੂਨੀਲੀਵਰ, ਡਿਵੀਜ਼ ਲੈਬਾਰਟਰੀਜ਼, ਹਿੰਡਾਲਕੋ ਇੰਡਸਟ੍ਰੀਜ਼ ਅਤੇ ਨੇਸਲੇ ਦੇ ਸ਼ੇਅਰ 2.51 ਫੀਸਦੀ ਤੋਂ 1.55 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰਦੇ ਨਜ਼ਰ ਆਏ। ਇਸੇ ਤਰ੍ਹਾਂ ਸੈਂਸੈਕਸ ‘ਚ ਸ਼ਾਮਲ 30 ਸ਼ੇਅਰਾਂ ‘ਚੋਂ 21 ਸ਼ੇਅਰ ਖਰੀਦਦਾਰੀ ਦੇ ਸਮਰਥਨ ਨਾਲ ਹਰੇ ਨਿਸ਼ਾਨ ‘ਤੇ ਰਹੇ। ਦੂਜੇ ਪਾਸੇ ਬਿਕਵਾਲੀ ਦੇ ਦਬਾਅ ਕਾਰਨ 9 ਸ਼ੇਅਰ ਲਾਲ ਨਿਸ਼ਾਨ ‘ਤੇ ਕਾਰੋਬਾਰ ਕਰ ਰਹੇ ਹਨ। ਜਦੋਂ ਕਿ ਨਿਫਟੀ ‘ਚ ਸ਼ਾਮਲ ਸ਼ੇਅਰਾਂ ‘ਚੋਂ 34 ਸ਼ੇਅਰ ਹਰੇ ਨਿਸ਼ਾਨ ‘ਚ ਅਤੇ 16 ਸ਼ੇਅਰ ਲਾਲ ਨਿਸ਼ਾਨ ‘ਚ ਕਾਰੋਬਾਰ ਕਰਦੇ ਦੇਖੇ ਗਏ।
ਬੀਐਸਈ ਸੈਂਸੈਕਸ ਅੱਜ 696.46 ਅੰਕਾਂ ਦੀ ਛਾਲ ਮਾਰ ਕੇ 75,078.70 ਅੰਕਾਂ ‘ਤੇ ਖੁੱਲ੍ਹਿਆ। ਕਾਰੋਬਾਰ ਸ਼ੁਰੂ ਹੁੰਦੇ ਹੀ ਮੁਨਾਫਾ ਬੁਕਿੰਗ ਹੋਣ ਕਰਕੇ ਚਾਰੇ ਪਾਸੇ ਵਿਕਰੀ ਸ਼ੁਰੂ ਹੋ ਗਈ, ਜਿਸ ਕਾਰਨ ਸੂਚਕਾਂਕ ਸ਼ੁਰੂਆਤੀ ਪੱਧਰ ਤੋਂ ਲਗਭਗ 550 ਅੰਕ ਡਿੱਗ ਕੇ 74,526.06 ਅੰਕਾਂ ਦੇ ਪੱਧਰ ‘ਤੇ ਪਹੁੰਚ ਗਿਆ। ਪਰ ਇਸ ਤੋਂ ਬਾਅਦ ਖਰੀਦਦਾਰਾਂ ਨੇ ਬਾਜ਼ਾਰ ’ਚ ਮੋਰਚਾ ਸੰਭਾਲਿਆ ਅਤੇ ਖਰੀਦ ਸ਼ੁਰੂ ਕਰ ਦਿੱਤੀ। ਹਾਲਾਂਕਿ, ਬਾਜ਼ਾਰ ਸਮੇਂ-ਸਮੇਂ ‘ਤੇ ਵਿਕਰੀ ਦੇ ਝਟਕਿਆਂ ਦਾ ਅਨੁਭਵ ਕਰਦਾ ਰਿਹਾ। ਇਸ ਦੇ ਬਾਵਜੂਦ ਲਗਾਤਾਰ ਖਰੀਦਦਾਰੀ ਕਾਰਨ ਇਸ ਸੂਚਕਾਂਕ ਦੀ ਚਾਲ ‘ਚ ਤੇਜ਼ੀ ਰਹੀ।
ਸੈਂਸੈਕਸ ਵਾਂਗ ਹੀ ਐਨਐਸਈ ਨਿਫਟੀ ਨੇ ਵੀ ਅੱਜ 178.25 ਅੰਕਾਂ ਦੀ ਮਜ਼ਬੂਤੀ ਨਾਲ 22,798.60 ਅੰਕਾਂ ‘ਤੇ ਕਾਰੋਬਾਰ ਕਰਨਾ ਸ਼ੁਰੂ ਕੀਤਾ। ਸ਼ੁਰੂਆਤੀ ਕਾਰੋਬਾਰ ‘ਚ ਵਿਕਰੀ ਦੇ ਦਬਾਅ ਕਾਰਨ ਇਹ ਸੂਚਕਾਂਕ ਸ਼ੁਰੂਆਤੀ ਪੱਧਰ ਤੋਂ ਲਗਭਗ 150 ਅੰਕ ਡਿੱਗ ਕੇ 22,642.60 ਅੰਕ ‘ਤੇ ਆ ਗਿਆ। ਪਰ ਇਸ ਤੋਂ ਬਾਅਦ ਖਰੀਦਦਾਰਾਂ ਨੇ ਖਰੀਦਦਾਰੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਇਸ ਸੂਚਕਾਂਕ ਦੀ ਰਫ਼ਤਾਰ ਫਿਰ ਵਧ ਗਈ।
ਇਸ ਤੋਂ ਪਹਿਲਾਂ ਆਖਰੀ ਕਾਰੋਬਾਰੀ ਦਿਨ ਬੁੱਧਵਾਰ ਨੂੰ ਸੈਂਸੈਕਸ 2,303.19 ਅੰਕ ਜਾਂ 3.20 ਫੀਸਦੀ ਮਜ਼ਬੂਤੀ ਨਾਲ 74,382.24 ਅੰਕਾਂ ਦੇ ਪੱਧਰ ‘ਤੇ ਅਤੇ ਨਿਫਟੀ 735.85 ਅੰਕ ਜਾਂ 3.36 ਫੀਸਦੀ ਦੀ ਮਜ਼ਬੂਤੀ ਨਾਲ 22,620.35 ਅੰਕਾਂ ਦੇ ਪੱਧਰ ‘ਤੇ ਬੰਦ ਹੋਇਆ ਸੀ।
ਹਿੰਦੂਸਥਾਨ ਸਮਾਚਾਰ