New Delhi: ਦੁਨੀਆ ਭਰ ਦੇ 75 ਤੋਂ ਵੱਧ ਪ੍ਰਮੁੱਖ ਨੇਤਾਵਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਦੀ ਜਿੱਤ ਲਈ ਵਧਾਈ ਸੰਦੇਸ਼ ਭੇਜੇ ਹਨ। ਸ਼ੁਭਕਾਮਨਾਵਾਂ ਦੇਣ ਵਾਲੇ ਪ੍ਰਮੁੱਖ ਨੇਤਾਵਾਂ ਵਿੱਚ ਯੂਏਈ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਏਦ ਅਲ ਨਾਹਯਾਨ, ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ, ਅਮਰੀਕਾ ਦੇ ਰਾਸ਼ਟਰਪਤੀ ਜੋ ਬਿਡੇਨ, ਯੂਰਪੀਅਨ ਕੌਂਸਲ ਦੇ ਪ੍ਰਧਾਨ ਚਾਰਲਸ ਮਿਸ਼ੇਲ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ, ਲਿਥੁਆਨੀਆ ਦੇ ਰਾਸ਼ਟਰਪਤੀ ਗਿਤਾਂਸ ਨੌਸੇਦਾ, ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲਾਰੇਂਸ ਵੋਂਗ, ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ ‘ਪ੍ਰਚੰਡ’ ਅਤੇ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਸ਼ਾਮਲ ਹਨ।
ਜੀ-20 ਦੇਸ਼ਾਂ ’ਚ ਸ਼ਾਮਲ ਇੰਡੋਨੇਸ਼ੀਆ, ਇਟਲੀ, ਜਾਪਾਨ, ਦੱਖਣੀ ਕੋਰੀਆ, ਫਰਾਂਸ, ਅਮਰੀਕਾ, ਬ੍ਰਿਟੇਨ ਅਤੇ ਰੂਸ ਦੇ ਨੇਤਾਵਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਵਧਾਈ ਦਿੱਤੀ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ ‘ਪ੍ਰਚੰਡ’ ਅਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਸਮੇਤ ਕੁਝ ਵਿਸ਼ਵ ਨੇਤਾਵਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਨਿੱਜੀ ਤੌਰ ‘ਤੇ ਵਧਾਈ ਦੇਣ ਲਈ ਫੋਨ ਵੀ ਕੀਤਾ।
ਯੂਏਈ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਏਦ ਅਲ ਨਾਹਯਾਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਦੁਬਾਰਾ ਚੁਣੇ ਜਾਣ ‘ਤੇ ਸ਼ੁਭਕਾਮਨਾਵਾਂ ਦਿੱਤੀਆਂ। ਯੂਰਪੀ ਸੰਘ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਉਨ੍ਹਾਂ ਦੀ ਚੋਣ ਜਿੱਤ ‘ਤੇ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਯੂਰਪੀ ਸੰਘ ਅਤੇ ਭਾਰਤ ਵਿਚਕਾਰ ਨਿਰੰਤਰ ਸਾਂਝੇਦਾਰੀ ਦੀ ਉਮੀਦ ਰੱਖਦੀ ਹਨ। ਯੂਏਈ ਦੇ ਉਪ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੇ ਵੀ ਉਨ੍ਹਾਂ ਨੂੰ ਤੀਜੀ ਵਾਰ ਮੁੜ ਚੁਣੇ ਜਾਣ ‘ਤੇ ਵਧਾਈ ਦਿੱਤੀ ਹੈ।
ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਬੁੱਧਵਾਰ ਨੂੰ ਫੋਨ ‘ਤੇ ਪ੍ਰਧਾਨ ਮੰਤਰੀ ਮੋਦੀ ਨੂੰ ਲੋਕ ਸਭਾ ਚੋਣਾਂ ‘ਚ ਜਿੱਤ ‘ਤੇ ਗਰਮਜੋਸ਼ੀ ਨਾਲ ਵਧਾਈ ਦਿੱਤੀ। ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਐਨਡੀਏ ਨੂੰ ਲੋਕ ਸਭਾ ਚੋਣਾਂ ਵਿੱਚ ਜਿੱਤ ਲਈ ਵਧਾਈ ਦਿੱਤੀ ਹੈ।
ਹਿੰਦੂਸਥਾਨ ਸਮਾਚਾਰ