Chandigarh: 19 ਅਪ੍ਰੈਲ ਤੋਂ 1 ਜੂਨ ਦਰਮਿਆਨ ਸੱਤ ਪੜਾਵਾਂ ‘ਚ 543 ਲੋਕ ਸਭਾ ਸੀਟਾਂ ‘ਤੇ ਵੋਟਿੰਗ ਤੋਂ ਬਾਅਦ ਅੱਜ ਨਤੀਜੇ ਐਲਾਨੇ ਜਾ ਰਹੇ ਹਨ। ਇਸੇ ਤਹਿਤ ਦੀਆਂ 13 ਲੋਕ ਸਭਾ ਸੀਟਾਂ ਦੀਆਂ ਵੋਟਾਂ ਦੀ ਗਿਣਤੀ ਕੁੱਲ 117 ਗਿਣਤੀ ਕੇਂਦਰ ਸਥਾਪਿਤ ਕੀਤੇ ਗਏ ਹਨ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਅਨੁਸਾਰ ਲੋਕ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਸਵੇਰੇ 8:00 ਵਜੇ ਸ਼ੁਰੂ ਹੋਵੇਗੀ। ਕਾਊਂਟਿੰਗ ਸੁਪਰਵਾਈਜ਼ਰ, ਕਾਊਂਟਿੰਗ ਅਸਿਸਟੈਂਟ ਅਤੇ ਕਾਊਂਟਿੰਗ ਮਾਈਕ੍ਰੋ ਅਬਜ਼ਰਵਰ ਨੂੰ ਵੋਟਾਂ ਦੀ ਗਿਣਤੀ ਕਰਵਾਉਣ ਲਈ ਟ੍ਰੇਨਿੰਗ ਅਤੇ ਜ਼ਰੂਰੀ ਹਦਾਇਤਾਂ ਦਿੱਤੀਆਂ ਗਈਆਂ ਹਨ। ਵੋਟਾਂ ਦੀ ਗਿਣਤੀ ਦੌਰਾਨ ਸਾਰੇ ਕੇਂਦਰਾਂ ‘ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਪੰਜਾਬ ’ਚ ਇਸ ਵਾਰ ਕੁੱਲ 328 ਉਮੀਦਵਾਰ ਚੋਣ ਮੈਦਾਨ ’ਚ ਹਨ।
ਕਮਿਸ਼ਨ ਵੱਲੋਂ ਸੂਬੇ ਵਿੱਚ 27 ਵੱਖ-ਵੱਖ ਥਾਵਾਂ ‘ਤੇ 48 ਇਮਾਰਤਾਂ ਵਿੱਚ ਕੁੱਲ 117 ਗਿਣਤੀ ਕੇਂਦਰ ਸਥਾਪਿਤ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਥਾਵਾਂ ਜ਼ਿਲ੍ਹਾ ਹੈੱਡਕੁਆਰਟਰ ਉੱਤੇ ਸਥਿਤ ਹਨ, ਜਦਕਿ 7 ਥਾਵਾਂ ਜ਼ਿਲ੍ਹਾ ਹੈੱਡਕੁਆਰਟਰ ਤੋਂ ਬਾਹਰ ਅਰਥਾਤ ਅਜਨਾਲਾ, ਬਾਬਾ ਬਕਾਲਾ, ਅਬੋਹਰ, ਮਲੋਟ, ਧੂਰੀ, ਛੋਕਰਾ ਰਾਹੋਂ-ਨਵਾਂ ਸ਼ਹਿਰ ਅਤੇ ਖੂਨੀ ਮਾਜਰਾ (ਖਰੜ) ਵਿੱਚ ਸਥਿਤ ਹਨ।
ਗਿਣਤੀ ਕੇਂਦਰਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਇਨ੍ਹਾਂ ਦੇ ਆਲੇ-ਦੁਆਲੇ ਤਿੰਨ-ਪਰਤੀ ਸੁਰੱਖਿਆ ਪ੍ਰਣਾਲੀ ਕਾਇਮ ਕੀਤੀ ਗਈ ਹੈ। ਗਿਣਤੀ ਕੇਂਦਰਾਂ ਤੱਕ ਪਹੁੰਚ ‘ਤੇ ਸਖ਼ਤ ਪਾਬੰਦੀ ਨਾਲ ਢੁਕਵੇਂ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ ਅਤੇ ਸਿਰਫ਼ ਮਾਨਤਾ ਪ੍ਰਾਪਤ ਜਾਂ ਅਧਿਕਾਰਤ ਵਿਅਕਤੀਆਂ ਨੂੰ ਹੀ ਅੰਦਰ ਦਾਖ਼ਲ ਹੋਣ ਦੀ ਆਗਿਆ ਹੈ। ਗਿਣਤੀ ਕੇਂਦਰਾਂ ਦੀ ਵਿਆਪਕ ਨਿਗਰਾਨੀ ਨੂੰ ਯਕੀਨੀ ਬਣਾਉਣ ਲਈ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ। ਇਸਦੇ ਨਾਲ ਹੀ ਚੋਣ ਪ੍ਰਕਿਰਿਆ ਦੀ ਮਰਿਆਦਾ ਨੂੰ ਬਣਾਏ ਰੱਖਣ ਲਈ ਕਿਸੇ ਵੀ ਐਮਰਜੈਂਸੀ ਜਾਂ ਘਟਨਾ ਨਾਲ ਤੁਰੰਤ ਨਜਿੱਠਣ ਲਈ ਕਿਉਕ ਰਿਸਪਾਂਸ ਟੀਮਾਂ ਤਾਇਨਾਤ ਹਨ। ਵੋਟਾਂ ਦੀ ਗਿਣਤੀ ਦੌਰਾਨ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਇਸ ਲਈ ਕਈ ਕਦਮ ਚੁੱਕੇ ਗਏ ਹਨ।
ਹਿੰਦੂਸਥਾਨ ਸਮਾਚਾਰ