Washington: ਰਾਸ਼ਟਰਪਤੀ ਚੋਣਾਂ ਤੋਂ ਠੀਕ ਪਹਿਲਾਂ ਡੋਨਾਲਡ ਟਰੰਪ ਨੂੰ ਵੱਡਾ ਝਟਕਾ ਲੱਗਾ ਹੈ। ਅਦਾਲਤ ਨੇ ਡੋਨਾਲਡ ਟਰੰਪ ਨੂੰ ਹਸ਼ ਮਨੀ ਮਾਮਲੇ ਵਿਚ ਸਾਰੇ 34 ਦੋਸ਼ਾਂ ਵਿਚ ਦੋਸ਼ੀ ਠਹਿਰਾਇਆ ਹੈ। ਅਦਾਲਤ ਨੇ ਫੈਸਲਾ ਸੁਣਾਉਣ ਤੋਂ ਪਹਿਲਾਂ ਕਰੀਬ 10 ਘੰਟੇ ਤੱਕ ਵਿਚਾਰ-ਵਟਾਂਦਰਾ ਕੀਤਾ। ਟਰੰਪ ਦੀ ਸਜ਼ਾ ਬਾਰੇ ਸੁਣਵਾਈ 11 ਜੁਲਾਈ ਨੂੰ ਹੋਵੇਗੀ। ਟਰੰਪ ਨੇ ਇਸ ਫੈਸਲੇ ਨੂੰ ਸ਼ਰਮਨਾਕ ਅਤੇ ਧਾਂਦਲੀ ਵਾਲਾ ਕਰਾਰ ਦਿੱਤਾ ਹੈ।
ਅਦਾਲਤ ਵੱਲੋਂ ਹੁਸ਼ ਮਨੀ ਮਾਮਲੇ ਵਿੱਚ ਡੋਨਾਲਡ ਟਰੰਪ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ, ਅਮਰੀਕਾ ਦੇ ਇਤਿਹਾਸ ਵਿੱਚ ਇਹ ਪਹਿਲਾ ਮਾਮਲਾ ਹੈ ਜਦੋਂ ਕਿਸੇ ਮੌਜੂਦਾ ਜਾਂ ਸਾਬਕਾ ਰਾਸ਼ਟਰਪਤੀ ਵਿਰੁੱਧ ਅਪਰਾਧਿਕ ਮਾਮਲਾ ਚੱਲਿਆ ਅਤੇ ਉਸਨੂੰ ਦੋਸ਼ੀ ਠਹਿਰਾਇਆ ਗਿਆ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਰਿਪਬਲਿਕਨ ਪਾਰਟੀ ਵੱਲੋਂ ਅਮਰੀਕਾ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਹਨ।
ਟਰੰਪ ’ਤੇ 2016 ਦੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਪੋਰਨ ਸਟਾਰ ਸਟੋਰਮੀ ਡੈਨੀਅਲਸ ਨੂੰ ਚੁੱਪ ਰਹਿਣ ਬਦਲੇ ਪੈਸੇ ਦਾ ਭੁਗਤਾਨ ਕਰਨ (ਹਸ਼ ਮਨੀ) ਦੀ ਗੱਲ ਛੁਪਾਉਣ ਅਤੇ ਆਪਣੇ ਕਾਰੋਬਾਰੀ ਰਿਕਾਰਡਾਂ ’ਚ ਹੇਰਫੇਰ ਕਰਨ ਦੇ 34 ਦੋਸ਼ ਹਨ।
ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਇਸ ਸਾਲ ਨਵੰਬਰ ‘ਚ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ‘ਚ ਟਰੰਪ ਦੀ ਉਮੀਦਵਾਰੀ ‘ਤੇ ਸਵਾਲ ਖੜ੍ਹੇ ਹੋ ਸਕਦੇ ਹਨ। ਹਾਲਾਂਕਿ ਅਮਰੀਕੀ ਸੰਵਿਧਾਨ ਵਿੱਚ ਅਪਰਾਧਿਕ ਰਿਕਾਰਡ ਵਾਲੇ ਉਮੀਦਵਾਰਾਂ ਨੂੰ ਅਹੁਦੇ ਲਈ ਚੋਣ ਲੜਨ ਤੋਂ ਰੋਕਣ ਵਾਲਾ ਕੋਈ ਕਾਨੂੰਨ ਨਹੀਂ ਹੈ, ਜੇਲ ਵਿੱਚ ਬੰਦ ਵਿਅਕਤੀ ਵੀ ਰਾਸ਼ਟਰਪਤੀ ਲਈ ਚੋਣ ਲੜ ਸਕਦਾ ਹੈ।
ਹਿੰਦੂਸਥਾਨ ਸਮਾਚਾਰ