Amritsar: ਆਮ ਆਦਮੀ ਪਾਰਟੀ ਦੇ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਉਮੀਦਵਾਰ ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਚੋਣ ਮੁਹਿੰਮ ਨੂੰ ਉਸ ਵੇਲੇ ਭਾਰੀ ਬਲ ਮਿਲਿਆ ਜਦੋਂ ਲੋਕ ਇਨਸਾਫ ਪਾਰਟੀ ਦੇ ਕੋਰ ਕਮੇਟੀ ਦੇ ਮੈਂਬਰ ਮਾਝਾ ਜੋਨ ਦੇ ਪ੍ਰਧਾਨ ਅਮਰੀਕ ਸਿੰਘ ਵਰਪਾਲ ਨੇ ਆਪਣੀ ਜਿਲ੍ਹੇ ਦੀ ਸਮੁੱਚੀ ਲੀਡਰਸ਼ਿਪ ਦੇ ਨਾਲ ਕੁਲਦੀਪ ਸਿੰਘ ਧਾਲੀਵਾਲ ਦਾ ਬਿਨਾਂ ਸ਼ਰਤ ਸਮਰਥਨ ਕਰਨ ਦਾ ਐਲਾਨ ਕੀਤਾ।
ਇਸ ਮੌਕੇ ਅਮਰੀਕ ਸਿੰਘ ਵਰਪਾਲ ਨੇ ਕਿਹਾ ਕਿ ਕੁਲਦੀਪ ਸਿੰਘ ਧਾਲੀਵਾਲ ਇੱਕ ਸਾਫ ਸੁਥਰੀ ਛਵੀ ਵਾਲੇ ਨੇਤਾ ਹਨ ਅਤੇ ਦੋ ਸਾਲ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਲੋਕ ਹਿੱਤ ਦੇ ਕੰਮਾਂ ਨੂੰ ਦੇਖਦੇ ਹੈ ਉਨਾਂ ਨੇ ਆਪਣੇ ਆਗੂਆਂ ਦੇ ਨਾਲ ਇੱਕ ਮੀਟਿੰਗ ਕਰਕੇ ਇਹ ਫੈਸਲਾ ਲਿਆ ਕਿ ਅੰਮ੍ਰਿਤਸਰ ਲੋਕ ਸਭਾ ਚੋਣਾਂ ’ਚ ਉਨਾਂ ਵਲੋਂ ਬਿਨਾਂ ਸ਼ਰਤ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਦਾ ਸਮਰਥਨ ਕੀਤਾ ਜਾਵੇਗਾ ਅਤੇ ਆਪਣੀ ਮਾਝੇ ਦੀ ਪੂਰੀ ਲੀਡਰਸ਼ਿਪ ਦੇ ਨਾਲ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਲਾਮਬੰਦ ਕੀਤਾ ਜਾਵੇਗਾ।
ਵਰਪਾਲ ਨੇ ਕਿਹਾ ਕਿ ਉਹ ਲੋਕ ਇਨਸਾਫ ਪਾਰਟੀ ਦੇ ਨਾਲ ਜਿਹੜੀ ਸੋਚ ਲੈ ਕੇ ਜੁੜੇ ਸਨ ਆਮ ਆਦਮੀ ਪਾਰਟੀ ਦੀ ਸਰਕਾਰ ਉਸੇ ਸੋਚ ਤੇ ਕੰਮ ਕਰ ਰਹੀ ਹੈ ਇਸ ਕਰਕੇ ਉਹਨਾਂ ਵੱਲੋਂ ਇਹ ਫੈਸਲਾ ਲਿਆ ਗਿਆ ਹੈ। ਇਸ ਮੌਕੇ ਕੁਲਦੀਪ ਸਿੰਘ ਧਾਲੀਵਾਲ ਨੇ ਅਮਰੀਕ ਸਿੰਘ ਵਰਪਾਲ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅੰਮ੍ਰਿਤਸਰ ਲੋਕ ਸਭਾ ਸੀਟ ਤੋਂ ਬਹੁਤ ਸਾਰੇ ਅੰਮ੍ਰਿਤਸਰ ਲਈ ਚੰਗੀ ਸੋਚ ਅਤੇ ਦਰਦ ਰੱਖਣ ਵਾਲੇ ਲੋਕਾਂ ਦਾ ਸਮਰਥਨ ਉਹਨਾਂ ਨੂੰ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਮਿਲ ਰਿਹਾ ਹੈ।
ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਿਰਫ ਵਿਕਾਸ ਦੀ ਰਾਜਨੀਤੀ ਕਰਦੀ ਹੈ ਅਤੇ ਉਹਨਾਂ ਨੇ ਵੀ ਆਪਣੇ ਦੋ ਸਾਲ ਦੇ ਵਿਧਾਇਕ ਅਤੇ ਮੰਤਰੀ ਦੇ ਕਾਰਜਕਾਲ ਦੇ ਦੌਰਾਨ ਕਦੀ ਵੀ ਕਿਸੇ ਨਾਲ ਕੋਈ ਰਾਜਨੀਤਿਕ ਭੇਦ ਭਾਵ ਜਾਂ ਰੰਜਿਸ਼ ਨਹੀਂ ਰੱਖੀ ਅਤੇ ਸਬ ਲੋਕਾਂ ਦੇ ਕੰਮ ਪਹਿਲ ਦੇ ਆਧਾਰ ਤੇ ਕਰਾਏ ਹਨ। ਉਨਾਂ ਨੇ ਲੋਕ ਇਨਸਾਫ ਪਾਰਟੀ ਦੀ ਲੀਡਰਸ਼ਿਪ ਦੀ ਇਸ ਪਹਿਲ ਦੀ ਸਰਾਹਨਾ ਕੀਤੀ।
ਧਾਲੀਵਾਲ ਨੇ ਕਿਹਾ ਕਿ ਦੋ ਸਾਲ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਹੁਤ ਕੰਮ ਕੀਤੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਬਾਕੀ ਰਹਿੰਦੀਆਂ ਗਰੰਟੀਆਂ ਵੀ ਆਮ ਆਦਮੀ ਪਾਰਟੀ ਪੂਰਾ ਕਰੇਗੀ। ਉਹਨਾਂ ਕਿਹਾ ਕਿ ਅੰਮ੍ਰਿਤਸਰ ਦਾ ਵਿਕਾਸ ਅਤੇ ਅੰਮ੍ਰਿਤਸਰ ਦੀ ਇੰਡਸਟਰੀ ਨੂੰ ਮੁੜ ਬਹਾਲ ਕਰਨਾ ਆਮ ਆਦਮੀ ਪਾਰਟੀ ਦਾ ਮੁੱਖ ਏਜੰਡਾ ਹੈ।
ਹਿੰਦੂਸਥਾਨ ਸਮਾਚਾਰ