New Delhi: ਲੋਕ ਸਭਾ ਚੋਣਾਂ ਦੇ ਆਖ਼ਰੀ ਗੇੜ ਤੋਂ ਪਹਿਲਾਂ ਘਰੇਲੂ ਸ਼ੇਅਰ ਬਾਜ਼ਾਰ ਨੇ ਮੁੜ੍ਹ ਤੋਂ ਸਭ ਤੋਂ ਆਲ ਟਾਈਮ ਹਾਈ ਦਾ ਰਿਕਾਰਡ ਬਣਾਇਆ। ਹਫਤੇ ਦੇ ਪਹਿਲੇ ਦਿਨ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ ਸੈਂਸੈਕਸ (Sensex) ਨੇ 75,679 ਦੇ ਪੱਧਰ ਨੂੰ ਛੂਹਿਆ। ਇਸ ਦੇ ਨਾਲ ਹੀ ਨਿਫਟੀ (Nifty) ਨੇ 23,043 ਦੇ ਆਲ ਟਾਈਮ ਹਾਈ ਦਾ ਰਿਕਾਰਡ ਬਣਾਇਆ।
ਫਿਲਹਾਲ ਬੰਬੇ ਸਟਾਕ ਐਕਸਚੇਂਜ (BSE) ਦਾ ਸੈਂਸੈਕਸ 147.58 ਅੰਕ ਜਾਂ 0.20 ਫੀਸਦੀ ਦੇ ਵਾਧੇ ਨਾਲ 75,557.97 ‘ਤੇ ਟ੍ਰੈਂਡ ਕਰ ਰਿਹਾ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ NSE (ਨਿਫਟੀ) ਵੀ 19.95 ਅੰਕ ਜਾਂ 0.087 ਫੀਸਦੀ ਦੇ ਵਾਧੇ ਨਾਲ 22,977.05 ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ 24 ਮਈ ਅਤੇ 3 ਮਈ ਨੂੰ ਵੀ ਆਲ ਟਾਈਮ ਹਾਈ ਦਾ ਰਿਕਾਰਡ ਬਣਿਆ ਸੀ।
ਕਾਰੋਬਾਰ ਦੌਰਾਨ 30 ਸ਼ੇਅਰਾਂ ‘ਤੇ ਆਧਾਰਿਤ ਸੈਂਸੈਕਸ ਸੂਚੀਬੱਧ ਕੰਪਨੀਆਂ ‘ਚੋਂ ਟਾਟਾ ਸਟੀਲ, ਭਾਰਤੀ ਏਅਰਟੈੱਲ, ਜੇ.ਐੱਸ.ਡਬਲਯੂ ਸਟੀਲ, ਸਨ ਫਾਰਮਾ, ਐਕਸਿਸ ਬੈਂਕ, ਐੱਚ.ਡੀ.ਐੱਫ.ਸੀ. ਬੈਂਕ ਅਤੇ ਕੋਟਕ ਮਹਿੰਦਰਾ ਬੈਂਕ ਦੇ ਸ਼ੇਅਰਾਂ ‘ਚ ਸਭ ਤੋਂ ਜ਼ਿਆਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਵਿਪਰੋ, ਮਹਿੰਦਰਾ ਐਂਡ ਮਹਿੰਦਰਾ, ਮਾਰੂਤੀ ਸੁਜ਼ੂਕੀ ਅਤੇ ਏਸ਼ੀਅਨ ਪੇਂਟਸ ਦੇ ਸ਼ੇਅਰਾਂ ‘ਚ ਗਿਰਾਵਟ ਦਰਜ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸਟਾਕ ਮਾਰਕੀਟ ਦੇ ਮੁੱਖ ਸੂਚਕਾੰਕ ‘ਚ ਸ਼ਾਮਲ ਸੈਂਸੈਕਸ ਨੇ 75,636 ਅੰਕਾਂ ਦਾ ਰਿਕਾਰਡ ਬਣਾਇਆ ਸੀ। ਇਸ ਦੇ ਨਾਲ ਹੀ ਨਿਫਟੀ ਨੇ 23,026 ਆਲ ਟਾਈਮ ਹਾਈ ਦਾ ਰਿਕਾਰਡ ਬਣਾ ਲਿਆ ਸੀ। ਹਾਲਾਂਕਿ ਕਾਰੋਬਾਰ ਦੇ ਅੰਤ ‘ਚ ਸੈਂਸੈਕਸ 7 ਅੰਕ ਦੀ ਗਿਰਾਵਟ ਨਾਲ 75,410 ‘ਤੇ ਬੰਦ ਹੋਇਆ, ਜਦਕਿ ਨਿਫਟੀ 10 ਅੰਕਾਂ ਦੀ ਗਿਰਾਵਟ ਨਾਲ 22,957 ‘ਤੇ ਬੰਦ ਹੋਇਆ।
ਹਿੰਦੁਸਥਾਨ ਸਮਾਚਾਰ