New Delhi: ਦਿੱਲੀ ਦੇ ਮੁੱਖ ਚੋਣ ਕਮਿਸ਼ਨਰ ਅਤੇ ਦੋ ਚੋਣ ਕਮਿਸ਼ਨਰਾਂ ਨੇ 25 ਮਈ ਸ਼ਨਿਚਰਵਾਰ ਨੂੰ ਦਿੱਲੀ ਵਿੱਚ ਵੋਟ ਪਾਈ। ਵੋਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ ਵੋਟਿੰਗ ਪ੍ਰਕਿਰਿਆ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਗਲਤ ਧਾਰਨਾਵਾਂ ਫੈਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ‘ਚ ਵੋਟ ਪ੍ਰਤੀਸ਼ਤਤਾ ਵੀ ਇਕ ਵਿਸ਼ਾ ਹੈ। ਇੱਕ ਦਿਨ ਇਸ ਸਭ ਦਾ ਖੁਲਾਸਾ ਕੀਤਾ ਜਾਵੇਗਾ ਅਤੇ ਦੱਸਿਆ ਜਾਵੇਗਾ ਕਿ ਕਿਵੇਂ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।
ਮੁੱਖ ਚੋਣ ਕਮਿਸ਼ਨਰ ਆਪਣੇ 95 ਸਾਲਾ ਪਿਤਾ ਅਤੇ ਪਰਿਵਾਰ ਨਾਲ ਵੋਟ ਪਾਉਣ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਵੀ ਉਹ ਆਪਣੇ ਪਿਤਾ ਨਾਲ ਹੀ ਵੋਟ ਪਾਉਣ ਗਏ ਸੀ। ਉਨ੍ਹਾਂ ਲੋਕਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਵਾਰ ਕਮਿਸ਼ਨ ਵੱਲੋਂ ਵੱਡੇ ਪੱਧਰ ’ਤੇ ਪ੍ਰਬੰਧ ਕੀਤੇ ਗਏ ਹਨ। ਲੋਕਾਂ ਨੂੰ ਮੈਸੇਜ ਦਿੱਤੇ ਜਾ ਰਹੇ ਹਨ ਅਤੇ ਵਟਸਐਪ ‘ਤੇ ਵੀ ਲੋਕਾਂ ਨੂੰ ਮੈਸੇਜ ਦਿੱਤੇ ਜਾ ਰਹੇ ਹਨ।
ਚੋਣਾਂ ਬਾਰੇ ਰਾਜੀਵ ਕੁਮਾਰ ਨੇ ਕਿਹਾ ਕਿ ਇਸ ਵਾਰ ਦੇਸ਼ ਭਰ ਵਿੱਚ ਚੋਣਾਂ ਦੌਰਾਨ ਘੱਟ ਹਿੰਸਾ ਹੋਈ ਹੈ। ਚੋਣ ਕਮਿਸ਼ਨ ਦੇ ਸੁਰੱਖਿਆ ਅਤੇ ਹੋਰ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਅਤੇ ਸੁਖਬੀਰ ਸਿੰਘ ਨੇ ਆਪਣੇ ਪਰਿਵਾਰਾਂ ਸਮੇਤ ਸਵੇਰੇ-ਸਵੇਰ ਹੀ ਵੋਟ ਪਾਈ। ਦਿੱਲੀ ਸਮੇਤ ਅੱਠ ਸੂਬਿਆਂ ਦੀਆਂ 58 ਸੀਟਾਂ ‘ਤੇ ਛੇਵੇਂ ਪੜਾਅ ਤਹਿਤ ਅੱਜ ਵੋਟਿੰਗ ਹੋ ਰਹੀ ਹੈ। ਦਿੱਲੀ ਅਤੇ ਹਰਿਆਣਾ ਵਿੱਚ ਬਹੁਤ ਗਰਮੀ ਹੈ। ਇਸਦੇ ਬਾਵਜੂਦ ਲੋਕ ਘਰਾਂ ਤੋਂ ਬਾਹਰ ਆ ਕੇ ਵੋਟਾਂ ਪਾ ਰਹੇ ਹਨ।
ਹਿੰਦੂਸਥਾਨ ਸਮਾਚਾਰ