Lok Sabha Elections 2024/Lucknow: ਉੱਤਰ ਪ੍ਰਦੇਸ਼ ਦੀਆਂ 14 ਲੋਕ ਸਭਾ ਸੀਟਾਂ ‘ਤੇ ਅੱਜ (ਸ਼ਨੀਵਾਰ) ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋ ਗਈ ਹੈ। ਛੇਵੇਂ ਪੜਾਅ ਦੀਆਂ 14 ਸੀਟਾਂ ’ਚ ਸੁਲਤਾਨਪੁਰ, ਪ੍ਰਤਾਪਗੜ੍ਹ, ਫੂਲਪੁਰ, ਇਲਾਹਾਬਾਦ, ਅੰਬੇਡਕਰਨਗਰ, ਸ਼ਰਾਵਸਤੀ, ਡੁਮਰੀਆਗੰਜ, ਬਸਤੀ, ਸੰਤ ਕਬੀਰਨਗਰ, ਲਾਲਗੰਜ (ਰਾਖਵੀਂ), ਆਜ਼ਮਗੜ੍ਹ, ਜੌਨਪੁਰ, ਮਛਲੀਸ਼ਹਿਰ (ਰਾਖਵੀਂ) ਅਤੇ ਭਦੋਹੀ ਜ਼ਿਲ੍ਹਿਆਂ ‘ਚ ਵੋਟਿੰਗ ਹੋ ਰਹੀ ਹੈ। ਇਸ ਪੜਾਅ ‘ਚ 2 ਕਰੋੜ 70 ਲੱਖ 69 ਹਜ਼ਾਰ 874 ਵੋਟਰ 162 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ।
ਉੱਤਰ ਪ੍ਰਦੇਸ਼ ਦੇ ਮੁੱਖ ਚੋਣ ਅਧਿਕਾਰੀ ਨਵਦੀਪ ਰਿਣਵਾ ਨੇ ਦੱਸਿਆ ਕਿ ਛੇਵੇਂ ਪੜਾਅ ਦੀ ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋ ਗਈ ਹੈ, ਜੋ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਸ਼ਾਮ 6 ਵਜੇ ਤੱਕ ਪੋਲਿੰਗ ਬੂਥ ‘ਤੇ ਕਤਾਰਾਂ ‘ਚ ਮੌਜੂਦ ਰਹਿਣ ਵਾਲੇ ਸਾਰੇ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰ ਸਕਣਗੇ। ਛੇਵੇਂ ਪੜਾਅ ‘ਚ ਕੁੱਲ 2 ਕਰੋੜ 70 ਲੱਖ 69 ਹਜ਼ਾਰ 874 ਵੋਟਰ ਹਨ, ਜਿਨ੍ਹਾਂ ‘ਚੋਂ 1 ਕਰੋੜ 43 ਲੱਖ 30 ਹਜ਼ਾਰ 361 ਪੁਰਸ਼ ਅਤੇ 1 ਕਰੋੜ 27 ਲੱਖ 38 ਹਜ਼ਾਰ 257 ਮਹਿਲਾ ਵੋਟਰ ਹਨ। ਇੱਥੇ 1,256 ਤੀਜੇ ਲਿੰਗ ਦੇ ਵੋਟਰ ਹਨ। ਵੋਟਰਾਂ ਦੀ ਗਿਣਤੀ ਦੀ ਗੱਲ ਕਰੀਏ ਤਾਂ ਸਭ ਤੋਂ ਵੱਧ ਵੋਟਰ ਸੰਤ ਕਬੀਰਨਗਰ ਵਿੱਚ ਹਨ ਅਤੇ ਸਭ ਤੋਂ ਘੱਟ ਵੋਟਰ ਇਲਾਹਾਬਾਦ ਲੋਕ ਸਭਾ ਹਲਕੇ ਵਿੱਚ ਹਨ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਲੋਕ ਸਭਾ ਹਲਕਿਆਂ ਵਿੱਚ ਕੁੱਲ 162 ਉਮੀਦਵਾਰ ਚੋਣ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚੋਂ 146 ਪੁਰਸ਼ ਅਤੇ 16 ਮਹਿਲਾ ਉਮੀਦਵਾਰ ਹਨ। ਸਭ ਤੋਂ ਵੱਧ 26 ਉਮੀਦਵਾਰ ਪ੍ਰਤਾਪਗੜ੍ਹ ਲੋਕ ਸਭਾ ਹਲਕੇ ਵਿੱਚ ਹਨ ਅਤੇ ਘੱਟ ਤੋਂ ਘੱਟ ਛੇ ਉਮੀਦਵਾਰ ਡੁਮਰੀਆਗੰਜ ਲੋਕ ਸਭਾ ਹਲਕੇ ਵਿੱਚ ਹਨ।
ਹਿੰਦੂਸਥਾਨ ਸਮਾਚਾਰ