Kartar Singh Sarabha birth anniversary: ਪੰਜਾਬ ਦਾ ਅਜਿਹਾ ਹੀ ਇੱਕ ਸ਼ੇਰ ਸੀ ਕਰਤਾਰ ਸਿੰਘ ਸਰਾਭਾ ਜਿਸ ਨੂੰ ਅੰਗਰੇਜ਼ਾਂ ਨੇ ਸਿਰਫ਼ ਸਾਢੇ 19 ਸਾਲ ਦੀ ਉਮਰ ਵਿੱਚ ਭਾਰਤ ਵਿੱਚ ਇੱਕ ਵੱਡੀ ਕ੍ਰਾਂਤੀ ਦੀ ਯੋਜਨਾ ਬਣਾਉਣ ਦੇ ਦੋਸ਼ ਵਿੱਚ ਫਾਂਸੀ ਉੱਤੇ ਲਟਕਾ ਦਿੱਤਾ ਸੀ। ਹਜ਼ਾਰਾਂ ਨੌਜਵਾਨਾਂ ਨੇ ਦੇਸ਼ ਨੂੰ ਜ਼ਾਲਮ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣ ਲਈ ਲੜਾਈ ਲੜੀ। ਅੰਗਰੇਜ਼ਾਂ ਨੇ ਦੇਸ਼ ਦੇ ਬਹੁਤ ਸਾਰੇ ਲੋਕਾਂ ਨੂੰ ਫਾਂਸੀ ‘ਤੇ ਲਟਕਾ ਦਿੱਤਾ ਅਤੇ ਬਹੁਤ ਸਾਰੇ ਕ੍ਰਾਂਤੀਕਾਰੀਆਂ ਨੂੰ ਕਾਲੇ ਪਾਣੀ ਦੀ ਸਜ਼ਾ ਸੁਣਾ ਕੇ ਜੇਲ੍ਹਾਂ ਵਿੱਚ ਹੀ ਖਤਮ ਕਰਾ ਦਿੱਤਾ। ਆਜ਼ਾਦੀ ਲਈ ਇਸ ਸੰਘਰਸ਼ ਵਿੱਚ ਪੰਜਾਬ ਸਮੇਤ ਪੂਰੇ ਦੇਸ਼ ਦੇ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ।
ਕਰਤਾਰ ਸਿੰਘ ਦਾ ਜਨਮ 24 ਮਈ 1896 ਨੂੰ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਵਿੱਚ ਮਾਤਾ ਸਾਹਿਬ ਕੌਰ ਦੀ ਕੁੱਖੋਂ ਤੇ ਪਿਤਾ ਮੰਗਲ ਸਿੰਘ ਦੇ ਘਰ ਹੋਇਆ। ਬਚਪਨ ਵਿੱਚ ਹੀ ਪਿਤਾ ਦੀ ਮੌਤ ਹੋ ਗਈ ਸੀ। ਦਾਦਾ ਬਦਨ ਸਿੰਘ ਨੇ ਉਹਨਾਂ ਦਾ ਅਤੇ ਉਹਨਾਂ ਦੀ ਛੋਟੀ ਭੈਣ ਧੰਨ੍ਹ ਕੌਰ ਦਾ ਲਾਲਣ ਪਾਲਣ ਕੀਤਾ। ਉਸ ਦੇ ਤਿੰਨ ਚਾਚੇ- ਬਿਸ਼ਨ ਸਿੰਘ, ਵੀਰ ਸਿੰਘ ਅਤੇ ਬਖਸ਼ੀਸ਼ ਸਿੰਘ ਉੱਚ ਸਰਕਾਰੀ ਅਹੁਦਿਆਂ ‘ਤੇ ਕੰਮ ਕਰਦੇ ਸਨ। ਕਰਤਾਰ ਸਿੰਘ ਨੇ ਆਪਣੀ ਮੁੱਢਲੀ ਸਿੱਖਿਆ ਲੁਧਿਆਣਾ ਦੇ ਇੱਕ ਸਕੂਲ ਵਿੱਚ ਪ੍ਰਾਪਤ ਕੀਤੀ। ਉਸ ਤੋਂ ਬਾਅਦ ਉਹ ਉੜੀਸਾ ਵਿੱਚ ਆਪਣੇ ਚਾਚੇ ਕੋਲ ਚਲੇ ਗਅਏ। ਜੋ ਉਸ ਸਮੇਂ ਬੰਗਾਲ ਦਾ ਇੱਕ ਹਿੱਸਾ ਸੀ ਅਤੇ ਰਾਜਨੀਤਿਕ ਤੌਰ ‘ਤੇ ਵਧੇਰੇ ਜਾਗਰੂਕ ਸੀ। 10ਵੀਂ ਜਮਾਤ ਪਾਸ ਕਰਨ ਤੋਂ ਬਾਅਦ ਸਰਾਭਾ ਨੇ ਰੈਵੇਨਸ਼ਾ ਕਾਲਜ ਤੋਂ 11ਵੀਂ ਜਮਾਤ ਦੀ ਪ੍ਰੀਖਿਆ ਪਾਸ ਕੀਤੀ। ਪਰਿਵਾਰ ਨੇ ਉਸ ਨੂੰ ਉੱਚ ਸਿੱਖਿਆ ਲਈ ਅਮਰੀਕਾ ਭੇਜਣ ਦਾ ਫੈਸਲਾ ਕੀਤਾ ਅਤੇ ਉਹ ਸਾਢੇ ਪੰਦਰ੍ਹਾਂ ਸਾਲ ਦੀ ਉਮਰ ਵਿੱਚ 1 ਜਨਵਰੀ 1912 ਨੂੰ ਅਮਰੀਕਾ ਪਹੁੰਚੇ। ਅਮਰੀਕਾ ਵਿੱਚ ਸ਼ੁਰੂਆਤੀ ਦਿਨਾਂ ਵਿੱਚ ਸਰਾਭਾ ਆਪਣੇ ਪਿੰਡ ਦੇ ਰੁਲੀਆ ਸਿੰਘ ਕੋਲ ਰਿਹਾ।
ਭਾਰਤੀ ਪ੍ਰਵਾਸੀਆਂ, ਖਾਸ ਤੌਰ ‘ਤੇ ਸੰਯੁਕਤ ਰਾਜ ਅਮਰੀਕਾ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਨਾਲ ਕੀਤੇ ਗਏ ਦੁਰਵਿਵਹਾਰ ਦਾ ਅਨੁਭਵ ਕਰਨ ਤੋਂ ਬਾਅਦ ਉਹਨਾਂ ਦੇ ਅੰਦਰ ਦੇਸ਼ਭਗਤੀ ਦੀ ਭਾਵਨਾ ਵਧਣ ਲੱਗੀ। ਭਾਰਤ ਦੀ ਅਜ਼ਾਦੀ ਲਈ 15 ਜੁਲਾਈ 1913 ਨੂੰ ਲਾਲਾ ਹਰਦਿਆਲ, ਸੋਹਣ ਸਿੰਘ ਭਕਨਾ, ਬਾਬਾ ਜਵਾਲਾ ਸਿੰਘ, ਸੰਤੋਖ ਸਿੰਘ ਅਤੇ ਸੰਤ ਬਾਬਾ ਵਿਸਾਖਾ ਸਿੰਘ ਦਦੇਹਰ ਨੇ ਕੈਲੀਫੋਰਨੀਆ, ਅਮਰੀਕਾ ਵਿੱਚ ਗ਼ਦਰ ਪਾਰਟੀ ਬਣਾਈ, ਜਿਸ ਦਾ ਮੁੱਖ ਮੰਤਵ ਭਾਰਤ ਨੂੰ ਬਰਤਾਨਵੀ ਹਕੂਮਤ ਤੋਂ ਹਥਿਆਰਾਂ ਨਾਲ ਮੁਕਤ ਕਰਾਉਣਾ ਸੀ। ਕਰਤਾਰ ਸਿੰਘ ਸਰਾਭਾ ਪਾਰਟੀ ਦਾ ਸਰਗਰਮ ਮੈਂਬਰ ਬਣਿਆ ਰਿਹਾ। ਅਮਰੀਕਾ ਵਿੱਚ ਰਹਿਣ ਵਾਲੇ ਸਿੱਖ ਗ਼ਦਰ ਪਾਰਟੀ ਦੇ ਸਹਿ-ਸੰਸਥਾਪਕ ਸੋਹਣ ਸਿੰਘ ਭਕਨਾ ਤੋਂ ਪ੍ਰੇਰਿਤ ਸਨ। ਕਿਉਂਕਿ ਉਹਨਾਂ ਨੇ ਭਾਰਤ ਵਿੱਚ ਬ੍ਰਿਟਿਸ਼ ਰਾਜ ਦੇ ਵਿਰੁੱਧ ਬਗਾਵਤ ਕੀਤੀ ਸੀ। ਸੋਹਣ ਸਿੰਘ ਭਕਨਾ ਨੇ ਕਰਤਾਰ ਸਿੰਘ ਸਰਾਭਾ ਨੂੰ ਭਾਰਤ ਵਿੱਚ ਅੰਗਰੇਜ਼ੀ ਹਕੂਮਤ ਖਿਲਾਫ ਬਗਾਵਤ ਕਰਨ ਲਈ ਪ੍ਰੇਰਿਤ ਕੀਤਾ। ਸੋਹਣ ਸਿੰਘ ਕਰਤਾਰ ਸਿੰਘ ਨੂੰ ‘ਬਾਬਾ ਗਰਨਲ’ ਕਹਿ ਕੇ ਬੁਲਾਉਂਦੇ ਸਨ। ਕਰਤਾਰ ਸਿੰਘ ਨੇ ਮੂਲ ਅਮਰੀਕੀਆਂ ਤੋਂ ਬੰਦੂਕਾਂ ਅਤੇ ਵਿਸਫੋਟਕ ਯੰਤਰਾਂ ਦੀ ਵਰਤੋਂ ਕਰਨਾ ਅਤੇ ਹਵਾਈ ਜਹਾਜ਼ਾਂ ਨੂੰ ਉਡਾਉਣ ਦਾ ਤਰੀਕਾ ਸਿੱਖਿਆ। ਗਦਰ ਪਾਰਟੀ ਦੇ ਮੈਂਬਰ ਹੋਣ ਦੇ ਨਾਤੇ, ਕਰਤਾਰ ਸਿੰਘ ਅਮਰੀਕਾ ਵਿਚ ਰਹਿੰਦੇ ਭਾਰਤੀਆਂ ਨੂੰ ਬ੍ਰਿਟਿਸ਼ ਸ਼ਾਸਨ ਤੋਂ ਭਾਰਤ ਦੀ ਆਜ਼ਾਦੀ ਤੋਂ ਜਾਣੂ ਕਰਵਾਉਂਦੇ ਰਹੇ। ਗ਼ਦਰ ਪਾਰਟੀ ਲਈ ਕੰਮ ਕਰਦੇ ਹੋਏ, ਕਰਤਾਰ ਸਿੰਘ ਜਵਾਲਾ ਸਿੰਘ ਠੱਠੀਆਂ ਨਾਲ ਵੀ ਭੇਂਟ ਕੀਤੀ। ਜਿਨ੍ਹਾਂ ਨੇ ਕਰਤਾਰ ਸਿੰਘ ਸਰਾਭਾ ਨੂੰ ਬਰਕਲੇ ਯੂਨੀਵਰਸਿਟੀ ਵਿੱਚ ਦਾਖਲਾ ਲੈਣ ਲਈ ਪ੍ਰੇਰਿਤ ਕੀਤਾ, ਜਿੱਥੇ ਸਰਾਭਾ ਨੇ ਕੈਮਿਸਟਰੀ ਵਿੱਚ ਮੁਹਾਰਤ ਹਾਸਲ ਕੀਤੀ ਅਤੇ ਬਰਕਲੇ ਯੂਨੀਵਰਸਿਟੀ ਦੇ ਪੰਜਾਬੀ ਹੋਸਟਲ ਵਿੱਚ ਰਿਹਾਇਸ਼ ਕੀਤੀ।
ਗ਼ਦਰ ਪਾਰਟੀ ਨੇ 1 ਨਵੰਬਰ 1913 ਨੂੰ ਪੰਜਾਬੀ, ਹਿੰਦੀ, ਉਰਦੂ, ਬੰਗਾਲੀ, ਗੁਜਰਾਤੀ ਅਤੇ ਪਸ਼ਤੋ ਭਾਸ਼ਾਵਾਂ ਵਿੱਚ ‘ਗਦਰ’ ਨਾਮ ਦਾ ਅਖਬਾਰ ਪ੍ਰਕਾਸ਼ਤ ਕਰਨਾ ਸ਼ੁਰੂ ਕੀਤਾ। 1913 ਵਿੱਚ ਗਦਰ ਪਾਰਟੀ ਦੇ ਗਠਨ ਤੋਂ ਬਾਅਦ, ਕਰਤਾਰ ਸਿੰਘ ਨੇ ਯੂਨੀਵਰਸਿਟੀ ਦਾ ਕੰਮ ਛੱਡ ਦਿੱਤਾ ਅਤੇ ਪਾਰਟੀ ਦੇ ਸਹਿ-ਸੰਸਥਾਪਕ ਸੋਹਣ ਸਿੰਘ ਅਤੇ ਸਕੱਤਰ ਲਾਲਾ ਹਰਦਿਆਲ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਕਰਤਾਰ ਸਿੰਘ ਸਰਾਭਾ ਨੇ ਅਖਬਾਰ ਦੇ ਗੁਰਮੁਖੀ ਐਡੀਸ਼ਨ ਦੀ ਛਪਾਈ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਅਤੇ ਇਸ ਲਈ ਕਈ ਲੇਖ ਅਤੇ ਦੇਸ਼ ਭਗਤੀ ਦੀਆਂ ਕਵਿਤਾਵਾਂ ਵੀ ਲਿਖੀਆਂ। ਅਖਬਾਰ ਦਾ ਇਹ ਐਡੀਸ਼ਨ ਦੁਨੀਆ ਭਰ ਦੇ ਸਾਰੇ ਦੇਸ਼ਾਂ ਵਿੱਚ ਰਹਿ ਰਹੇ ਭਾਰਤੀਆਂ ਤੱਕ ਪਹੁੰਚਾਇਆ ਗਿਆ । ਅਖਬਾਰ ਦਾ ਮੁੱਖ ਉਦੇਸ਼ ਬਰਤਾਨਵੀ ਸਰਕਾਰ ਵੱਲੋਂ ਭਾਰਤੀਆਂ ‘ਤੇ ਕੀਤੇ ਜਾ ਰਹੇ ਅਥਾਹ ਤਸ਼ੱਦਦ ਖਿਲਾਫ ਭਾਰਤੀਆਂ ਅੰਦਰ ਦੇਸ਼ ਭਗਤੀ ਦੀ ਭਾਵਨਾ ਨੂੰ ਜਗਾਉਣਾ ਸੀ। 1914 ਵਿੱਚ, ਜਦੋਂ ਅੰਗਰੇਜ਼ ਪਹਿਲੀ ਸੰਸਾਰ ਜੰਗ ਵਿੱਚ ਸ਼ਾਮਲ ਹੋਏ ਤਾਂ 5 ਅਗਸਤ, 1914 ਨੂੰ, ਗ਼ਦਰ ਪਾਰਟੀ ਦੇ ਆਗੂਆਂ ਨੇ ਇੱਕ ਲੇਖ “ਜੰਗ ਦਾ ਐਲਾਨ ਕਰਨ ਦਾ ਫੈਸਲਾ” ਛਾਪ ਕੇ ਅੰਗਰੇਜ਼ਾਂ ਵਿਰੁੱਧ ਭੜਕਾਊ ਸੰਦੇਸ਼ ਦਿੱਤਾ। ਇਸ ਲੇਖ ਦੀਆਂ ਹਜ਼ਾਰਾਂ ਕਾਪੀਆਂ ਫੌਜੀ ਛਾਉਣੀਆਂ, ਪਿੰਡਾਂ ਅਤੇ ਕਸਬਿਆਂ ਵਿੱਚ ਵੰਡੀਆਂ ਗਈਆਂ। ਪਹਿਲੇ ਵਿਸ਼ਵ ਯੁੱਧ ਦੇ ਐਲਾਨ ਤੋਂ ਬਾਅਦ ਅਕਤੂਬਰ 1914 ਵਿਚ ਕਰਤਾਰ ਸਿੰਘ ਸਰਾਭਾ, ਸਤਯੇਨ ਸੇਨ ਅਤੇ ਵਿਸ਼ਨੂੰ ਗਣੇਸ਼ ਪਿੰਗਲੇ ਅਤੇ ਗਦਰ ਪਾਰਟੀ ਦੇ ਮੈਂਬਰਾਂ ਨਾਲ ਕੋਲੰਬੋ ਰਾਹੀਂ ਕਲਕੱਤੇ ਪਹੁੰਚੇ। ਕਰਤਾਰ ਸਿੰਘ ਨੇ ਓਥੇ ਇੱਕ ਹੋਰ ਆਜ਼ਾਦੀ ਦੇ ਸੂਰਮੇ ਰਾਸ ਬਿਹਾਰੀ ਬੋਸ ਨਾਲ ਮੁਲਾਕਾਤ ਕੀਤੀ ਅਤੇ ਮੀਆਂ ਮੀਰ ਅਤੇ ਫਿਰੋਜ਼ਪੁਰ ਦੀਆਂ ਛਾਉਣੀਆਂ ‘ਤੇ ਕਬਜ਼ਾ ਕਰਕੇ ਅੰਬਾਲਾ ਅਤੇ ਦਿੱਲੀ ਵਿੱਚ ਹਥਿਆਰਬੰਦ ਬਗਾਵਤ ਸ਼ੁਰੂ ਕਰਨ ਦਾ ਫੈਸਲਾ ਕੀਤਾ। ਇਸ ਨੂੰ ਸਫਲ ਬਣਾਉਣ ਲਈ ਕਰੀਬ 8 ਹਜ਼ਾਰ ਭਾਰਤੀ ਅਮਰੀਕਾ ਅਤੇ ਕੈਨੇਡਾ ਦੇ ਏਸ਼ੋ ਆਰਾਮ ਛੱਡ ਸਮੁੰਦਰੀ ਜਹਾਜ਼ਾਂ ਰਾਹੀਂ ਭਾਰਤ ਪਹੁੰਚੇ।
ਗਦਰ ਪਾਰਟੀ ਦੇ ਇੱਕ ਪੁਲਿਸ ਮੁਖ਼ਬਰ ਕ੍ਰਿਪਾਲ ਸਿੰਘ ਨੇ ਲਾਲਚ ਵਿੱਚ ਆ ਕੇ ਅੰਗਰੇਜ਼ ਪੁਲਿਸ ਨੂੰ ਬਗਾਵਤ ਦੀ ਯੋਜਨਾ ਬਾਰੇ ਸੂਚਿਤ ਕਰ ਦਿੱਤਾ, ਜਿਸ ਦੇ ਨਤੀਜੇ ਵਜੋਂ 19 ਫਰਵਰੀ ਨੂੰ ਵੱਡੀ ਗਿਣਤੀ ਵਿੱਚ ਗਦਰ ਪਾਰਟੀ ਦੇ ਇਨਕਲਾਬੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਨਾਲ ਬਗਾਵਤ ਨਾਕਾਮ ਹੋ ਗਈ ਅਤੇ ਬ੍ਰਿਟਿਸ਼ ਸਰਕਾਰ ਨੇ ਸੈਨਿਕਾਂ ਤੋਂ ਹਥਿਆਰ ਜ਼ਬਤ ਕਰ ਲਏ। ਗ਼ਦਰ ਪਾਰਟੀ ਦੇ ਕ੍ਰਾਂਤੀਕਾਰੀ ਮੈਂਬਰ ਜੋ ਪੁਲਿਸ ਦੀ ਗ੍ਰਿਫਤਾਰੀ ਤੋਂ ਬਚ ਗਏ ਉਹਨਾਂ ਨੂੰ ਬਗਾਵਤ ਦੀ ਅਸਫਲਤਾ ਤੋਂ ਬਾਅਦ ਆਗੁਆਂ ਵੱਲੋਂ ਭਾਰਤ ਛੱਡਣ ਦੇ ਹੁਕਮ ਦਿੱਤੇ ਗਏ। ਕਰਤਾਰ ਸਿੰਘ ਨੂੰ ਹਰਨਾਮ ਸਿੰਘ ਟੁੰਡੀਲਾਟ ਅਤੇ ਜਗਤ ਸਿੰਘ ਸਮੇਤ ਹੋਰ ਪਾਰਟੀ ਮੈਂਬਰਾਂ ਸਮੇਤ ਅਫਗਾਨਿਸਤਾਨ ਜਾਣ ਦਾ ਹੁਕਮ ਦਿੱਤਾ ਗਿਆ। 2 ਮਾਰਚ 1915 ਨੂੰ ਕਰਤਾਰ ਸਿੰਘ ਸਰਾਭਾ ਆਪਣੇ ਦੋ ਦੋਸਤਾਂ ਨਾਲ ਭਾਰਤ ਪਰਤਿਆ। ਵਾਪਸੀ ਤੋਂ ਤੁਰੰਤ ਬਾਅਦ ਉਹ ਸਰਗੋਧਾ ਦੇ ਚੱਕ ਨੰਬਰ 5 ਵਿਚ ਜਾ ਕੇ ਬਗਾਵਤ ਦਾ ਪ੍ਰਚਾਰ ਕਰਨਾ ਸ਼ੂਰੂ ਕੀਤਾ। ਗੰਡਾ ਸਿੰਘ ਨਾਂਅ ਦੇ ਬ੍ਰਿਟਿਸ਼ ਭਾਰਤੀ ਫੌਜ ਦੇ ਸਿਪਾਹੀ ਨੇ ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ ਟੁੰਡੀਲਾਟ ਅਤੇ ਜਗਤ ਸਿੰਘ ਨੂੰ ਚੱਕ ਨੰਬਰ 5, ਜ਼ਿਲ੍ਹਾ ਲਾਇਲਪੁਰ ਤੋਂ ਗ੍ਰਿਫਤਾਰ ਕੀਤਾ। ਗ੍ਰਿਫਤਾਰੀ ਤੋਂ ਬਾਅਦ ਕਰਤਾਰ ਸਿੰਘ ਸਰਾਭਾ ਨੂੰ ਲਾਹੌਰ ਸੈਂਟਰਲ ਜੇਲ੍ਹ ਵਿੱਚ ਰੱਖਿਆ ਗਿਆ, ਜਿੱਥੇ ਉਸਨੇ ਕੁਝ ਔਜ਼ਾਰਾਂ ਦੀ ਮਦਦ ਨਾਲ ਖਿੜਕੀ ਨੂੰ ਕੱਟ ਕੇ ਜੇਲ੍ਹ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਾ ਹੋ ਸਕੇ।
ਭਾਰਤੀ ਕ੍ਰਾਂਤੀਕਾਰੀ ਨੌਜਵਾਨ ਦੀ ਅਜਿਹੀ ਹਿੰਮਤ ਦੇਖ ਕੇ ਅਦਾਲਤ ਵਿੱਚ ਜੱਜ ਵੀ ਹੈਰਾਨ ਰਹਿ ਗਏ। ਅਦਾਲਤੀ ਸੁਣਵਾਈ ਦੌਰਾਨ ਕਰਤਾਰ ਸਿੰਘ ਸਰਾਭਾ ਨੇ ਦੇਸ਼ ਦ੍ਰੋਹ ਦੇ ਸਾਰੇ ਦੋਸ਼ ਆਪਣੇ ਸਿਰ ਲੈ ਲਏ। ਉਸ ਦਾ ਮਾਸੂਮ ਚਿਹਰਾ ਦੇਖ ਕੇ ਜੱਜ ਉਸ ਨੂੰ ਸਖ਼ਤ ਸਜ਼ਾ ਨਹੀਂ ਦੇਣਾ ਚਾਹੁੰਦੇ ਸਨ ਅਤੇ ਇਸ ਲਈ ਉਸ ਨੂੰ ਆਪਣਾ ਬਿਆਨ ਬਦਲਣ ਲਈ ਕਿਹਾ। ਦੇਸ਼ ਭਗਤੀ ਨਾਲ ਭਰਪੂਰ ਕਰਤਾਰ ਸਿੰਘ ਆਪਣੇ ਬਿਆਨ ਤੇ ਕਾਇਮ ਰਹੇ। ਜੱਜ ਨੇ ਫਾਂਸੀ ਦਾ ਹੁਕਮ ਦਿੱਤਾ। ਜੱਜ ਨੇ ਫਾਂਸੀ ਦਾ ਹੁਕਮ ਸੁਣਾਇਆ। 16 ਨਵੰਬਰ (ਕਿਤੇ 17 ਨਵੰਬਰ) 1915 ਨੂੰ, ਕਰਤਾਰ ਸਿੰਘ ਸਰਾਭਾ ਨੂੰ ਉਸਦੇ ਛੇ ਹੋਰ ਸਾਥੀਆਂ, ਬਖਸ਼ੀਸ਼ ਸਿੰਘ, ਸੁਰੈਣ ਸਿੰਘ ਅਤੇ ਸੁਰੈਣ, (ਜ਼ਿਲ੍ਹਾ ਅੰਮ੍ਰਿਤਸਰ), ਹਰਨਾਮ ਸਿੰਘ (ਜ਼ਿਲ੍ਹਾ ਸਿਆਲਕੋਟ), ਜਗਤ ਸਿੰਘ (ਜ਼ਿਲ੍ਹਾ ਲਾਹੌਰ) ਅਤੇ ਸ. ਵਿਸ਼ਨੂੰ ਗਣੇਸ਼ ਪਿੰਗਲੇ, (ਜ਼ਿਲ੍ਹਾ ਪੂਨਾ ਮਹਾਰਾਸ਼ਟਰ)- ਲਾਹੌਰ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ।
1977 ਵਿਚ ਉਨ੍ਹਾਂ ਦੇ ਜੀਵਨ ‘ਤੇ ਬਣੀ ਪੰਜਾਬੀ ਫ਼ਿਲਮ ‘ਸ਼ਹੀਦ ਕਰਤਾਰ ਸਿੰਘ ਸਰਾਭਾ’ ਰਿਲੀਜ਼ ਹੋਈ। ਭਾਰਤ ਦੀ ਆਜ਼ਾਦੀ ਲਈ ਉਹਨਾਂ ਦੀ ਕੁਰਬਾਨੀ ਦੇ ਸਨਮਾਨ ਵਿੱਚ ਪੰਜਾਬ ਦੇ ਉਸ ਦੇ ਜੱਦੀ ਜ਼ਿਲ੍ਹੇ ਲੁਧਿਆਣਾ ਵਿੱਚ ਇੱਕ ਬੁੱਤ ਸਥਾਪਿਤ ਕੀਤਾ ਗਿਆ ਸੀ। ਕਰਤਾਰ ਸਿੰਘ ਸਰਾਭਾ ਭਗਤ ਸਿੰਘ ਦਾ ਸਭ ਤੋਂ ਹਰਮਨ ਪਿਆਰਾ ਨਾਇਕ ਸੀ, ਜਿਸ ਦੀ ਫੋਟੋ ਉਹ ਹਮੇਸ਼ਾ ਆਪਣੀ ਜੇਬ ਵਿਚ ਰੱਖਦਾ ਸੀ। ਭਾਰਤ ਮਾਤਾ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਮੁਕਤ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਮਹਾਨ ਕ੍ਰਾਂਤੀਕਾਰੀ ਕਰਤਾਰ ਸਿੰਘ ਸਰਾਭਾ ਜੀ ਨੂੰ ਉਨ੍ਹਾਂ ਦੇ ਸ਼ਹੀਦੀ ਦਿਹਾੜੇ ‘ਤੇ ਕੋਟਿਮ ਕੋਟਿ ਪ੍ਰਣਾਮ।