Kathmandu:ਨੇਪਾਲ ਦੇ ਪ੍ਰਧਾਨ ਮੰਤਰੀ ਦੇ ਦਫਤਰ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਭੇਜਣ ਦੇ ਕਾਰੋਬਾਰ ਦਾ ਖੁਲਾਸਾ ਹੋਇਆ ਹੈ। ਵਿਸ਼ਵ ਕੱਪ ਕ੍ਰਿਕਟ ਮੈਚ ਦੇ ਨਾਮ ‘ਤੇ ਲੋਕਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਭੇਜਣ ਦੇ ਕੰਮ ’ਚ ਸ਼ਾਮਲ ਤਿੰਨ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਪ੍ਰਧਾਨ ਮੰਤਰੀ ਦਫਤਰ ਦੇ ਸਕੱਤਰ ਕ੍ਰਿਸ਼ਨਹਰੀ ਪੁਸ਼ਕਰ ਨੇ ਦੱਸਿਆ ਕਿ ਟੀ-20 ਵਿਸ਼ਵ ਕੱਪ ਕ੍ਰਿਕਟ ਦੇ ਨਾਮ ‘ਤੇ ਗੈਰ-ਕਾਨੂੰਨੀ ਲੋਕਾਂ ਨੂੰ ਅਮਰੀਕਾ ਭੇਜਣ ‘ਚ ਸ਼ਾਮਲ ਪੀਐੱਮਓ ਦੇ ਉਪ ਸਕੱਤਰ ਵਿਸ਼ਨੂੰ ਸੁਵੇਦੀ ਅਤੇ ਦੋ ਵਿਭਾਗੀ ਅਧਿਕਾਰੀਆਂ ਗਿਆਨੇਂਦਰ ਸ਼ਰਮਾ ਅਤੇ ਲਕਸ਼ਮੀ ਪ੍ਰਸਾਈ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਨ੍ਹਾਂ ਤਿੰਨਾਂ ਨੇ ਮਿਲ ਕੇ ਬਿਨਾਂ ਮਨਜ਼ੂਰੀ ਲਏ ਅਮਰੀਕਾ ਭੇਜਣ ਲਈ 23 ਲੋਕਾਂ ਦੇ ਨਾਮ ਵਿਦੇਸ਼ ਮੰਤਰਾਲੇ ਨੂੰ ਭੇਜੇ ਸਨ। ਵਿਸ਼ਵ ਕੱਪ ਕ੍ਰਿਕਟ ਮੈਚ ਦੇਖਣ ਲਈ ਕ੍ਰਿਕਟ ਐਸੋਸੀਏਸ਼ਨ ਆਫ ਨੇਪਾਲ ਦੇ ਅਧਿਕਾਰੀਆਂ ਨਾਲ ਹੋਰ ਲੋਕਾਂ ਨੂੰ ਵੀ ਭੇਜਣ ਦੀ ਪ੍ਰਕਿਰਿਆ ਅੱਗੇ ਵਧਾਈ ਗਈ ਸੀ।
ਇਸ ਮਾਮਲੇ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਇੱਕ ਟੂਰਅਸ ਐਂਡ ਟਰੈਵਲਜ਼ ਕੰਪਨੀ ਤੇ ਕ੍ਰਿਕਟ ਐਸੋਸੀਏਸ਼ਨ ਆਫ ਨੇਪਾਲ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਲੋਕਾਂ ਨੂੰ ਅਮਰੀਕਾ ਭੇਜਣ ਦੀ ਤਿਆਰੀ ਸੀ। ਰੂਪਸੇ ਹੋਲੀਡੇ ਟਰੈਵਲ ਏਜੰਸੀ, ਜੋ ਨੇਪਾਲੀ ਕ੍ਰਿਕਟ ਟੀਮ ਅਤੇ ਕ੍ਰਿਕਟ ਐਸੋਸੀਏਸ਼ਨ ਦੇ ਅਧਿਕਾਰੀਆਂ ਲਈ ਟਿਕਟਾਂ ਦਾ ਪ੍ਰਬੰਧ ਕਰਦੀ ਹੈ, ਨੇ 23 ਵਾਧੂ ਲੋਕਾਂ ਲਈ ਟਿਕਟਾਂ ਤਿਆਰ ਕਰਕੇ ਵੀਜ਼ਾ ਪ੍ਰਕਿਰਿਆ ਲਈ ਉਨ੍ਹਾਂ ਨਾਲ ਅੱਗੇ ਵਧਾਇਆ ਸੀ। ਜਾਂਚ ‘ਚ ਸਾਹਮਣੇ ਆਇਆ ਹੈ ਕਿ ਇਸ ਸੂਚੀ ‘ਚ ਜਿਨ੍ਹਾਂ ਵਾਧੂ ਲੋਕਾਂ ਦੇ ਨਾਮ ਸ਼ਾਮਲ ਹਨ, ਉਨ੍ਹਾਂ ਵਿਚੋਂ ਹਰ ਇੱਕ ਤੋਂ 30 ਤੋਂ 35 ਲੱਖ ਰੁਪਏ ਵਸੂਲਣ ਦੀ ਤਿਆਰੀ ਸੀ।
ਹਿੰਦੂਸਥਾਨ ਸਮਾਚਾਰ