Sri Lanka: ਸ਼੍ਰੀਲੰਕਾ ਨੇ ਇੱਕ ਵਾਰ ਫਿਰ ਭਾਰਤ ਨਾਲ ਆਪਣੇ ਮਜ਼ਬੂਤ ਰਿਸ਼ਤਿਆਂ ਨੂੰ ਜਗਜ਼ਾਹਰ ਕੀਤਾ ਹੈ। ਨਿਊਜ਼ ਏਜੰਸੀ ਏਐਨਆਈ ਨੂੰ ਦਿੱਤੇ ਇੰਟਰਵਿਊ ਦੌਰਾਨ, ਸ਼੍ਰੀਲੰਕਾ ਦੇ ਵਿਦੇਸ਼ ਮੰਤਰੀ ਅਲੀ ਸਾਬਰੀ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਭਾਰਤ ਦੀ ਸੁਰੱਖਿਆ ਲਈ ਵਚਨਬੱਧ ਹੈ। ਇੱਕ ਜ਼ਿੰਮੇਵਾਰ ਗੁਆਂਢੀ ਹੋਣ ਦੇ ਨਾਤੇ, ਉਹ ਕਿਸੇ ਵੀ ਦੇਸ਼ ਨੂੰ ਭਾਰਤ ਨੂੰ ਨੁਕਸਾਨ ਪਹੁੰਚਾਉਣ ਨਹੀਂ ਦੇਣਗੇ।
ਸ਼੍ਰੀਲੰਕਾ ਦੀਆਂ ਬੰਦਰਗਾਹਾਂ ‘ਤੇ ਚੀਨੀ ਖੋਜੀ ਜਹਾਜ਼ਾਂ ਦੇ ਰੁਕਣ ਨਾਲ ਜੁੜੇ ਸਵਾਲ ‘ਤੇ ਸਾਬਰੀ ਨੇ ਕਿਹਾ ਕਿ ਅਸੀਂ ਸਾਰੇ ਦੇਸ਼ਾਂ ਨਾਲ ਮਿਲ ਕੇ ਕੰਮ ਕਰਨਾ ਚਾਹੁੰਦੇ ਹਾਂ, ਪਰ ਇਸ ਦੇ ਲਈ ਅਸੀਂ ਕਿਸੇ ਹੋਰ ਦੇਸ਼ ਦੀ ਸੁਰੱਖਿਆ ਨੂੰ ਦਾਅ ‘ਤੇ ਨਹੀਂ ਲਾ ਸਕਦੇ। ਜੇਕਰ ਭਾਰਤ ਇਸ ਮਾਮਲੇ ‘ਚ ਆਪਣੀ ਸੁਰੱਖਿਆ ‘ਤੇ ਸਵਾਲ ਚੁੱਕਦਾ ਹੈ ਤਾਂ ਅਸੀਂ ਨਿਸ਼ਚਿਤ ਤੌਰ ‘ਤੇ ਇਸ ‘ਤੇ ਧਿਆਨ ਦੇਵਾਂਗੇ, ਕਿਸੇ ਨੂੰ ਵੀ ਨੁਕਸਾਨ ਨਹੀਂ ਹੋਣ ਦੇਵਾਂਗੇ। ਸਾਬਰੀ ਨੇ ਕਿਹਾ ਕਿ ਹਾਲ ਹੀ ਵਿੱਚ, ਚੀਨ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਭਾਈਵਾਲ ਬਣ ਕੇ ਉਭਰਿਆ ਹੈ।
ਇਸੇ ਤਰ੍ਹਾਂ, ਸ੍ਰੀਲੰਕਾ ਵੀ ਭਾਰਤ ਨਾਲ ਮਿਲ ਕੇ ਕੰਮ ਕਰਨਾ ਚਾਹੁੰਦਾ ਹੈ, ਪਰ ਅਸੀਂ ਤੀਜੀ ਧਿਰ ਨੂੰ ਕਦੇ ਵੀ ਖਤਰੇ ਵਿੱਚ ਨਹੀਂ ਪਾਵਾਂਗੇ। ਇਹ ਸਾਡਾ ਦ੍ਰਿੜ ਸੰਕਲਪ ਹੈ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਸਾਲ ਭਾਰਤ ਨੇ ਸ਼੍ਰੀਲੰਕਾ ਦੇ ਟਾਪੂ ‘ਤੇ ਚੀਨੀ ਜਹਾਜ਼ ਦੇ ਰੁਕਣ ‘ਤੇ ਚਿੰਤਾ ਜ਼ਾਹਰ ਕੀਤੀ ਸੀ। ਉਦੋਂ ਭਾਰਤ ਨੇ ਦੋਸ਼ ਲਾਇਆ ਸੀ ਕਿ ਚੀਨ ਆਪਣੇ ਖੋਜੀ ਜਹਾਜ਼ਾਂ ਰਾਹੀਂ ਭਾਰਤ ਦੀ ਜਾਸੂਸੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਇਸ ਤੋਂ ਬਾਅਦ, ਸ੍ਰੀਲੰਕਾ ਨੇ ਸਤੰਬਰ 2023 ਵਿੱਚ ਚੀਨੀ ਜਹਾਜ਼ਾਂ ਨੂੰ ਆਪਣੇ ਦੇਸ਼ ਵਿੱਚ ਰੁਕਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਸ਼੍ਰੀਲੰਕਾ ਦੇ ਵਿਦੇਸ਼ ਮੰਤਰੀ ਸਾਬਰੀ ਨੇ ਕਿਹਾ ਕਿ ਭਾਰਤ ਦੀ ਚਿੰਤਾ ਸਾਡੇ ਲਈ ਬਹੁਤ ਮਹੱਤਵਪੂਰਨ ਹੈ। ਅਸੀਂ ਹੁਣ ਇਸ ਲਈ ਇੱਕ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ ਤਿਆਰ ਕੀਤੀ ਹੈ ਅਤੇ ਇਸਨੂੰ ਬਣਾਉਂਦੇ ਸਮੇਂ ਅਸੀਂ ਭਾਰਤ ਸਮੇਤ ਹੋਰ ਦੋਸਤਾਂ ਤੋਂ ਵੀ ਸਲਾਹ ਲਈ ਸੀ। ਉਨ੍ਹਾਂ ਕਿਹਾ ਕਿ ਸੁਰੱਖਿਆ ਨੂੰ ਲੈ ਕੇ ਭਾਰਤ ਦੀ ਚਿੰਤਾ ਸਾਡੇ ਲਈ ਸਹੀ ਅਤੇ ਬਹੁਤ ਜ਼ਰੂਰੀ ਹੈ।
ਹਿੰਦੁਸਥਾਨ ਸਮਾਚਾਰ