Batala: ਰਜਿੰਦਰ ਅਗਰਵਾਲ, ਜ਼ਿਲ੍ਹਾ ਅਤੇ ਸੈਸ਼ਨ ਜੱਜ-ਸਹਿਤ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਗੁਰਦਾਸਪੁਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਸੁਪਰੀਮ ਕੋਰਟ ਵਿੱਚ 29 ਜੁਲਾਈ 2024 ਤੋਂ 03 ਅਗਸਤ 2024 ਤੱਕ ਮਾਣਯੋਗ ਸੁਪਰੀਮ ਕੋਰਟ ਵਿਖੇ ਸਪੈਸ਼ਲ ਲੋਕ ਅਦਾਲਤ ਲਗਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਲੋਕ ਅਦਾਲਤ ਵਿੱਚ ਵੱਖ-ਵੱਖ ਕੈਟਾਗਰੀਆਂ ਜਿਵੇਂ ਕਿ ਲੇਬਰ ਨਾਲ ਸਬੰਧਿਤ ਮਾਮਲੇ, ਚੈੱਕ ਨਾਲ ਸਬੰਧਿਤ ਮਾਮਲੇ (138 ਐੱਨ.ਆਈ. ਐਕਟ), ਐਕਸੀਡੈਂਟ ਕਲੇਮ ਕੇਸ (ਮੋਟਰ ਐਕਸੀਡੈਂਟ ਕਲੇਮ), ਹੋਰ ਮੁਆਵਜ਼ੇ ਦੇ ਮਾਮਲੇ, ਪਰਿਵਾਰਿਕ ਕਾਨੂੰਨੀ ਮਾਮਲੇ, ਸਰਵਿਸਿਜ਼ ਸਬੰਧੀ ਮਾਮਲੇ, ਰੈਂਟ ਸਬੰਧੀ ਮਾਮਲੇ, ਅਕਾਦਮਿਕ ਮਾਮਲੇ, ਮੇਨਟੇਨੈਂਸ ਨਾਲ ਸਬੰਧਿਤ ਮੁੱਦੇ, ਮਾਰਟਗੇਜ ਨਾਲ ਸਬੰਧਿਤ ਮਾਮਲੇ, ਖਪਤਕਾਰ ਸੁਰੱਖਿਆ ਦੇ ਮਾਮਲੇ, ਤਬਾਦਲਾ ਪਟੀਸ਼ਨ (ਦੀਵਾਨੀ ਅਤੇ ਫ਼ੌਜਦਾਰੀ), ਰਕਮ ਵਸੂਲੀ ਸਬੰਧੀ ਮਾਮਲੇ, ਕਰਿਮੀਨਲ ਕੰਪਾਉਂਡੇਬਲ ਮਾਮਲੇ, ਜ਼ਮੀਨੀ ਵਿਵਾਦਾਂ ਨਾਲ ਸਬੰਧਿਤ ਮਾਮਲੇ, ਜੋ ਮਾਨਯੋਗ ਸੁਪਰੀਮ ਕੋਰਟ ਵਿੱਚ ਲੰਬਿਤ ਹਨ ਦਾ ਆਪਸੀ ਰਜ਼ਾਮੰਦੀ ਨਾਲ ਫ਼ੈਸਲਾ ਕਰਵਾਇਆ ਜਾਵੇਗਾ।
ਮਾਣਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਸਹਿਤ-ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਗੁਰਦਾਸਪੁਰ ਨੇ ਆਮ ਪਬਲਿਕ ਨੂੰ ਅਪੀਲ ਕਰਦੇ ਹੋਏ ਕਿਹਾ ਹੈ ਕਿ ਜੇਕਰ ਤੁਹਾਡਾ ਕੇਸ ਸੁਪਰੀਮ ਕੋਰਟ ਵਿੱਚ ਲੰਬਿਤ ਹੈ ਅਤੇ ਤੁਸੀਂ ਦੂਜੀ ਧਿਰ ਨਾਲ ਸਮਝੌਤੇ ਉਪਰੰਤ ਸੁਪਰੀਮ ਕੋਰਟ ਵਿੱਚ ਲੱਗਣ ਵਾਲੀ ਸਪੈਸ਼ਲ ਲੋਕ ਅਦਾਲਤ ਰਾਹੀਂ ਆਪਣੇ ਕੇਸਾਂ ਦਾ ਨਿਪਟਾਰਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਗੁਰਦਾਸਪੁਰ ਦੇ ਦਫ਼ਤਰ ਵਿੱਚ ਜਲਦੀ ਤੋਂ ਜਲਦੀ (ਪਰ ਮਿਤੀ 28.07.2024 ਤੋਂ ਬਾਅਦ ਨਹੀਂ), ਕਿਸੇ ਵੀ ਕੰਮ ਕਾਜ ਵਾਲੇ ਦਿਨ ਸੰਪਰਕ ਕਰਕੇ ਕੇਸ ਦਾ ਨਿਪਟਾਰਾ ਕਰਵਾ ਸਕਦੇ ਹੋ।
ਸੁਮਿਤ ਭੱਲਾ, ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ, ਗੁਰਦਾਸਪੁਰ ਨੇ ਦੱਸਿਆ ਕਿ ਮਾਨਯੋਗ ਸੁਪਰੀਮ ਕੋਰਟ ਵਿਖੇ ਲਗਾਈ ਜਾਣ ਵਾਲੀ ਸਪੈਸ਼ਲ ਲੋਕ ਅਦਾਲਤ ਸਬੰਧੀ ਕਿਸੇ ਵੀ ਪ੍ਰਕਾਰ ਦੀ ਪੁੱਛਗਿੱਛ ਲਈ ਦਫ਼ਤਰ ਦੇ ਫ਼ੋਨ ਨੰਬਰ 01874-240369 ਜਾਂ ਮੋਬਾਈਲ ਨੰਬਰ 8558809606 ਜਾਂ ਈ-ਮੇਲ ਆਈ.ਡੀ dlsa.gsp0punjab.gov.in ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ।