ਦਿੱਲੀ:ਕੌਮੀ ਰਾਜਧਾਨੀ ਦੀਆਂ ਸਾਰੀਆਂ ਸੱਤ ਲੋਕ ਸਭਾ ਸੀਟਾਂ ’ਤੇ 25 ਮਈ ਨੂੰ ਹੋਣ ਵਾਲੀ ਵੋਟਿੰਗ ਤੋਂ ਪਹਿਲਾਂ ਦਿੱਲੀ ਭਾਜਪਾ ਨੇ ਅੱਜ ਆਪਣੇ ‘ਇੰਡੀਆ ਗੱਠਜੋੜ’ ਦੇ ਵਿਰੋਧੀਆਂ (AAP & Congress) ਵਿਰੁੱਧ ‘ਚਾਰਜਸ਼ੀਟ (ਦੋਸ਼ ਪੱਤਰ)’ ਜਾਰੀ ਕੀਤੀ.
‘ਚਾਰਜਸ਼ੀਟ’ ਵਿਚ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਸ਼ਹਿਰ ’ਤੇ ਰਾਜ ਕਰਨ ਵਾਲੀਆਂ ਦੋਵਾਂ ਪਾਰਟੀਆਂ ਦੇ ਕਥਿਤ ਘੁਟਾਲਿਆਂ ਅਤੇ ਭ੍ਰਿਸ਼ਟਾਚਾਰ ਦੀ ਸੂਚੀ ਜਾਰੀ ਕੀਤੀ ਗਈ ਹੈ. ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਅਤੇ ਪਾਰਟੀ ਦੇ ਹੋਰ ਆਗੂਆਂ ਨੇ ਪਾਰਟੀ ਦਫਤਰ ਵਿੱਚ 40 ਪੰਨਿਆਂ ਦਾ ਕਿਤਾਬਚਾ ਜਾਰੀ ਕੀਤਾ ਜੋ ਹਿੰਦੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਵਿੱਚ ਹੈ। ਇਸ ਦਾ ਸਿਰਲੇਖ ‘ਕਾਂਗਰਸ ਅਤੇ ‘AAP’- ਲੁੱਟ ਵਿੱਚ ਭਾਈਵਾਲ’ ਹੈ। ਚਾਰਜਸ਼ੀਟ ’ਚ ਕਿਹਾ ਗਿਆ ਹੈ, “ਪਹਿਲਾਂ 15 ਸਾਲਾਂ ਤੱਕ ਕਾਂਗਰਸ ਅਤੇ ਹੁਣ ਪਿਛਲੇ 9 ਸਾਲਾਂ ’ਚ ‘AAP’ ਦੀ ਦਿੱਲੀ ਸਰਕਾਰ ਨੇ ਦਿੱਲੀ ਦੇ ਲੋਕਾਂ ਨੂੰ ਨੁਕਸਾਨ ਪਹੁੰਚਾਇਆ ਹੈ।” ਇਸ ਵਿੱਚ ਕਿਹਾ ਗਿਆ ਹੈ ਕਿ ਇਹ ਮੰਦਭਾਗੀ ਗੱਲ ਹੈ ਕਿ ਭ੍ਰਿਸ਼ਟਾਚਾਰ ਵਿਰੋਧੀ ਲਹਿਰ ’ਚੋਂ ਪੈਦਾ ਹੋਈ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜੇਲ੍ਹ ਵਿੱਚ ਹਨ ਜਾਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਸਚਦੇਵਾ ਨੇ ਕਿਹਾ ਕਿ ਦਿੱਲੀ ਵਿੱਚ ਆਬਕਾਰੀ ਨੀਤੀ, ਸਿਹਤ, ਸਿੱਖਿਆ, ਬੱਸਾਂ ’ਚ ਪੈਨਿਕ ਬਟਨ, ਦਿੱਲੀ ਜਲ ਬੋਰਡ ਆਦਿ ਨਾਲ ਸਬੰਧਤ ‘ਆਪ’ ਸਰਕਾਰ ਦੇ ਘੁਟਾਲਿਆਂ ਦੀ ਲੰਮੀ ਲੜੀ ਹੈ.
ਉਨ੍ਹਾਂ ਆਮ ਆਦਮੀ ਪਾਰਟੀ (AAP) ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ‘ਤੇ ਕੀਤੇ ਕਥਿਤ ਹਮਲੇ ਨੂੰ ਲੈ ਕੇ ਵੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਆਲੋਚਨਾ ਕੀਤੀ। ਸਚਦੇਵਾ ਨੇ ਕਿਹਾ, ‘”ਸਾਨੂੰ ਲੱਗਦਾ ਹੈ ਕਿ ਬਿਭਵ ਕੁਮਾਰ ਨੂੰ ਪੰਜਾਬ ਵਿੱਚ ਸ਼ਰਨ ਮਿਲ ਸਕਦੀ ਹੈ।” ਭਾਜਪਾ ਵਿਧਾਇਕ ਅਤੇ ‘ਚਾਰਜਸ਼ੀਟ ਕਮੇਟੀ’ ਦੇ ਚੇਅਰਮੈਨ ਵਿਜੇਂਦਰ ਗੁਪਤਾ ਨੇ ਦਾਅਵਾ ਕੀਤਾ ਕਿ ਦਸਤਾਵੇਜ਼ ਪੂਰੀ ਤਰ੍ਹਾਂ ‘ਤੱਥਾਂ’ ‘ਤੇ ਆਧਾਰਿਤ ਹੈ.