ਕਿਰਗਿਸਤਾਨ: ਕਿਰਗਿਸਤਾਨ ‘ਚ ਪਾਕਿਸਤਾਨੀ ਵਿਦਿਆਰਥੀਆਂ ‘ਤੇ ਹਮਲਾ ਰਾਜਧਾਨੀ ਬਿਸ਼ਕੇਕ ‘ਚ ਸਥਾਨਕ ਅਤੇ ਵਿਦੇਸ਼ੀ ਵਿਦਿਆਰਥੀਆਂ ਵਿਚਾਲੇ ਹਿੰਸਕ ਝੜਪ ਹੋ ਗਈ. ਇਸ ਝੜਪ ਵਿੱਚ ਤਿੱਨ ਪਾਕਿਸਤਾਨੀ ਦਿਆਰਥੀਆਂ ਦੀ ਮੌਤ ਹੋ ਗਈ
ਜਾਣਕਾਰੀ ਮੁਤਾਬਕ 13 ਮਈ ਨੂੰ ਕਿਰਗਿਜ਼ ਵਿਦਿਆਰਥੀਆਂ ਅਤੇ ਮਿਸਰ ਦੇ ਮੈਡੀਕਲ ਵਿਦਿਆਰਥੀਆਂ ਵਿਚਾਲੇ ਤੱਖੀ ਝੜਪ ਹੋਈ ਸੀ. ਜਿਸ ਤੋਂ ਬਾਅਦ ਮਾਮਲਾ ਵਧ ਗਿਆ ਅਤੇ ਸਥਾਨਕ ਵਿਦਿਆਰਥੀਆਂ ਨੇ ਵਿਦੇਸ਼ੀ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ. ਪਾਕਿਸਤਾਨੀ ਵਿਦਿਆਰਥੀਆਂ ਨੇ ਸੋਸ਼ਲ ਮੀਡੀਆ ਰਾਹੀਂ ਕਿਰਗਿਸਤਾਨ ਹਿੰਸਾ ਦੇ ਕਈ ਵੀਡੀਓ ਸ਼ੇਅਰ ਕੀਤੇ ਹਨ ਅਤੇ ਮਦਦ ਦੀ ਅਪੀਲ ਕੀਤੀ ਹੈ.
ਹੁਣ ਕਾਬੂ ‘ਚ ਹੈ ਸਥਿਤੀ
ਭਾਰਤ ਕਿਰਗਿਸਤਾਨ ਵਿੱਚ ਹਿੰਸਾ ਨੂੰ ਲੈ ਕੇ ਵੀ ਚੌਕਸ ਹੈ। ਸ਼ਨੀਵਾਰ ਨੂੰ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਇਸ ਮਾਮਲੇ ‘ਤੇ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਲਿਖਿਆ, ਬਿਸ਼ਕੇਕ ‘ਚ ਭਾਰਤੀ ਵਿਦਿਆਰਥੀਆਂ ਦੀ ਸਥਿਤੀ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸਥਿਤੀ ਹੁਣ ਸ਼ਾਂਤ ਹੈ। ਵਿਦਿਆਰਥੀਆਂ ਨੂੰ ਅੰਬੈਸੀ ਨਾਲ ਨਿਯਮਤ ਸੰਪਰਕ ਵਿੱਚ ਰਹਿਣ ਦੀ ਸਲਾਹ ਦਿੱਤੀ ਗਈ ਹੈ.
ਭਾਰਤੀ ਦੂਤਾਵਾਸ ਵੱਲੋਂ ਜਾਰੀ ਕੀਤੀ ਗਈ ਐਡਵਾਈਜ਼ਰੀ
ਕਿਰਗਿਸਤਾਨ ਵਿੱਚ ਭਾਰਤੀ ਦੂਤਾਵਾਸ ਨੇ ਲਿਖਿਆ, “ਅਸੀਂ ਆਪਣੇ ਵਿਦਿਆਰਥੀਆਂ ਦੇ ਸੰਪਰਕ ਵਿੱਚ ਹਾਂ। ਫਿਲਹਾਲ ਸਥਿਤੀ ਸ਼ਾਂਤ ਹੈ, ਪਰ ਵਿਦਿਆਰਥੀਆਂ ਨੂੰ ਫਿਲਹਾਲ ਘਰ ਦੇ ਅੰਦਰ ਰਹਿਣ ਅਤੇ ਕਿਸੇ ਵੀ ਸਮੱਸਿਆ ਦੀ ਸਥਿਤੀ ਵਿੱਚ ਦੂਤਾਵਾਸ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਸਾਡਾ 24×7 ਸੰਪਰਕ ਨੰਬਰ ਹੈ। 0555710041.
ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਬਾਜ਼ ਨੇ ਪ੍ਰਗਟਾਈ ਚਿੰਤਾ
ਪਾਕਿਸਤਾਨ ਦੀਆਂ ਕੁਝ ਵਿਦਿਆਰਥਣਾਂ ਨਾਲ ਛੇੜਛਾੜ ਦਾ ਮਾਮਲਾ ਵੀ ਸਾਹਮਣੇ ਆਇਆ ਹੈ. ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਐਕਸ ‘ਤੇ ਇਕ ਪੋਸਟ ਲਿਖ ਕੇ ਇਸ ਮਾਮਲੇ ‘ਤੇ ਚਿੰਤਾ ਜ਼ਾਹਰ ਕੀਤੀ ਹੈ.
ਉਹਨਾਂ ਲਿਖਿਆ ਕਿ “ਮੈਂ ਕਿਰਗਿਸਤਾਨ ਦੇ ਬਿਸ਼ਕੇਕ ਵਿੱਚ ਪਾਕਿਸਤਾਨੀ ਵਿਦਿਆਰਥੀਆਂ ਨਾਲ ਜੁੜੀ ਘਟਨਾ ਨੂੰ ਲੈ ਕੇ ਚਿੰਤਤ ਹਾਂ। ਮੈਂ ਪਾਕਿਸਤਾਨੀ ਰਾਜਦੂਤ ਨੂੰ ਲੋੜੀਂਦੀ ਮਦਦ ਅਤੇ ਸਹਾਇਤਾ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੇਰਾ ਦਫ਼ਤਰ ਵੀ ਦੂਤਾਵਾਸ ਦੇ ਸੰਪਰਕ ਵਿੱਚ ਹੈ ਅਤੇ ਸਥਿਤੀ ਦੀ ਲਗਾਤਾਰ ਨਿਗਰਾਨੀ ਕਰ ਰਿਹਾ ਹੈ।”