ਬੱਬਰ ਖਾਲਸਾ ਇੰਟਰਨੈਸ਼ਨਲ (BKI) ਦੇ ਆਗੂ ਅਤੇ ਗੈਂਗਸਟਰ ਲਖਬੀਰ ਸਿੰਘ ਲੰਡਾ ਨੂੰ ਭਾਰਤ ਸਰਕਾਰ ਨੇ ਅੱਤਵਾਦੀ ਐਲਾਨ ਕਰ ਦਿੱਤਾ ਹੈ। ਇਹ ਫੈਸਲਾ ਗੈਰਕਾਨੂੰਨੀ ਗਤੀਵਿਧੀਆਂ ਐਕਟ ਤਹਿਤ ਲਿਆ ਗਿਆ ਹੈ। ਇਸ ਬਾਰੇ ਜਾਣਕਾਰੀ ਗ੍ਰਿਹ ਮੰਤਰਾਲੇ ਨੇ ਦਿੱਤੀ ਹੈ। ਮੰਤਰਾਲੇ ਵੱਲੋਂ ਦਿੱਤੇ ਵੇਰਵਿਆਂ ਅਨੁਸਾਰ, 33 ਸਾਲਾ ਗੈਂਗਸਟਰ ਲਖਬੀਰ ਸਿੰਘ ਲੰਡਾ ਖਾਲਿਸਤਾਨੀ ਗਰੁੱਪ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਨਾਲ ਸਬੰਧਤ ਹੈ। 2021 ਵਿੱਚ ਮੋਹਾਲੀ ਵਿੱਚ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ਉੱਤੇ ਰਾਕੇਟ ਹਮਲੇ ਦੀ ਯੋਜਨਾ ਬਣਾਉਣ ਵਿੱਚ ਸ਼ਾਮਲ ਸੀ। ਲੰਡਾ ਦਾ ਨਾਂ ਦਸੰਬਰ 2022 ਵਿਚ ਤਰਨਤਾਰਨ ਦੇ ਸਰਹਾਲੀ ਥਾਣੇ ‘ਤੇ ਆਰਪੀਜੀ ਹਮਲੇ ਦੇ ਨਾਲ-ਨਾਲ ਹੋਰ ਅੱਤਵਾਦੀ ਗਤੀਵਿਧੀਆਂ ਵਿਚ ਸ਼ਾਮਲ ਹੋਣ ਦੇ ਮਾਮਲੇ ਵਿਚ ਸਾਹਮਣੇ ਆਇਆ ਸੀ।
ਕੌਣ ਹੈ ਲਖਬੀਰ ਸਿੰਘ ਲਾਂਡਾ ?
ਲਖਬੀਰ ਸਿੰਘ ਲੰਡਾ ਮੂਲ ਰੂਪ ਵਿੱਚ ਪੰਜਾਬ ਦਾ ਰਹਿਣ ਵਾਲਾ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਿਹਾ ਹੈ। ਉਹ ਭਾਰਤ ਖਿਲਾਫ ਸਾਜ਼ਿਸ਼ ਰਚਣ ਵਿਚ ਸ਼ਾਮਲ ਰਿਹਾ ਹੈ। ਪੰਜਾਬ ਪੁਲਿਸ ਨੇ ਕੈਨੇਡਾ ਸਥਿਤ ਅੱਤਵਾਦੀ ਦੇ ਕਰੀਬੀ ਸਾਥੀਆਂ ਨਾਲ ਜੁੜੇ 48 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ। ਇਹ ਕਾਰਵਾਈ ਇੱਕ ਕਾਰੋਬਾਰੀ ‘ਤੇ ਦੋ ਹਮਲਾਵਰਾਂ ਵੱਲੋਂ ਹਮਲਾ ਕੀਤੇ ਜਾਣ ਤੋਂ ਬਾਅਦ ਹੋਈ ਹੈ। ਕਾਰੋਬਾਰੀ ਦਾ ਕਹਿਣਾ ਸੀ ਕਿ ਉਸ ਨੂੰ ਕਿਸੇ ਵਿਅਕਤੀ ਦਾ ਫੋਨ ਆਇਆ ਸੀ, ਜਿਸ ਨੇ ਆਪਣੇ ਆਪ ਨੂੰ ਲੰਡਾ ਹਰੀਕੇ ਦੱਸਦਿਆਂ 15 ਲੱਖ ਰੁਪਏ ਦੀ ਮੰਗ ਕੀਤੀ ਸੀ। ਛਾਪੇਮਾਰੀ ਤੋਂ ਬਾਅਦ ਕੁਝ ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ।
ਤਰਨਤਾਰਨ ਜ਼ਿਲ੍ਹੇ ਦਾ ਰਹਿਣ ਵਾਲਾ ਲਖਬੀਰ ਸਿੰਘ ਲੰਡਾ ਪਿਛਲੇ 11 ਸਾਲਾਂ ਤੋਂ ਪੁਲਿਸ ਲਈ ਕੰਡਾ ਬਣਿਆ ਹੋਇਆ ਹੈ। ਉਹ 2017 ਵਿੱਚ ਕੈਨੇਡਾ ਭੱਜ ਗਿਆ ਸੀ ਅਤੇ ਉਸ ਖ਼ਿਲਾਫ਼ 18 ਕੇਸ ਦਰਜ ਹਨ। ਪੰਜਾਬ ਵਿੱਚ, ਤਰਨਤਾਰਨ ਪੁਲਿਸ ਨੇ ਸਾਲ 2022 ਵਿੱਚ ਗੈਂਗਸਟਰ ਤੋਂ ਸਿਆਸਤਦਾਨ ਬਣੇ ਲੱਖਾ ਸਿਧਾਣਾ ਅਤੇ ਕੈਨੇਡਾ ਅਧਾਰਤ ਗੈਂਗਸਟਰ ਲਖਬੀਰ ਸਿੰਘ ਲੰਡਾ ਸਮੇਤ 11 ਲੋਕਾਂ ਵਿਰੁੱਧ ਫਿਰੌਤੀ ਦੀ ਮੰਗ ਅਤੇ ਸਰਹੱਦ ਪਾਰ ਤੋਂ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਦਾ ਮਾਮਲਾ ਦਰਜ ਕੀਤਾ ਸੀ। ਤਰਨਤਾਰਨ ਪੁਲੀਸ ਨੇ ਇਹ ਕੇਸ 2 ਸਤੰਬਰ ਨੂੰ ਦਰਜ ਕੀਤਾ ਸੀ ਅਤੇ ਇਸ ਬਾਰੇ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ ਸੀ।