ਚੰਡੀਗੜ੍ਹ ਦੇ ਸੈਕਟਰ-38 ਸਥਿਤ Vivek High School ਨਾਲ ਜੁੜੀ ਅਹਿਮ ਖ਼ਬਰ ਸ੍ਹਾਮਣੇ ਆਈ ਹੈ. ਚੰਡੀਗੜ੍ਹ ਪ੍ਰਸ਼ਾਸਨ ਦੇ ਸਿੱਖਿਆ ਵਿਭਾਗ ਨੇ ਸਿੱਖਿਆ ਦਾ ਅਧਿਕਾਰ ਐਕਟ 2009 ਦੇ ਤਹਿਤ ਆਰਥਿਕ ਤੌਰ ‘ਤੇ ਕਮਜ਼ੋਰ ਵਰਗ (EWS) ਦੇ ਬੱਚਿਆਂ ਨੂੰ ਦਾਖਲਾ ਨਾ ਦੇਣ ਕਾਰਨ ਵਿਵੇਕ ਹਾਈ ਸਕੂਲਦੀ ਮਾਨਤਾ ਰੱਦ ਕਰ ਦਿੱਤੀ ਹੈ।
ਸਿੱਖਿਆ ਵਿਭਾਗ ਦੇ ਡਾਇਰੈਕਟਰ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਹੁਕਮ ਜਾਰੀ ਕਰਦੇ ਹੋਏ ਕਿਹਾ ਕਿ ਵਿਭਾਗ ਨੇ ਸਕੂਲ ਵਿੱਚ ਨਵੇਂ ਦਾਖ਼ਲਿਆਂ ’ਤੇ ਪਾਬੰਦੀ ਲਾ ਦਿੱਤੀ ਹੈ। ਜਿਹੜੇ ਬੱਚੇ ਪੜ੍ਹ ਰਹੇ ਹਨ, ਉਹ ਇਸ ਸੈਸ਼ਨ ਵਿੱਚ ਆਪਣੀ ਪੜ੍ਹਾਈ ਪੂਰੀ ਕਰ ਸਕਦੇ ਹਨ ਪਰ ਪ੍ਰੀਖਿਆ ਦੇਣ ਤੋਂ ਬਾਅਦ ਉਹ ਕਿਸੇ ਵੀ ਨੇੜਲੇ ਸਰਕਾਰੀ ਸਕੂਲ ਵਿੱਚ ਸ਼ਿਫਟ ਹੋ ਸਕਦੇ ਹਨ।
ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸਕੂਲ ਵੱਲੋਂ ਹਾਲ ਹੀ ਵਿੱਚ ਦਾਖ਼ਲਾ ਜਮਾਤਾਂ ਵਿੱਚ ਦਾਖ਼ਲੇ ਲਈ ਪਰਿਵਾਰਕ ਮੈਂਬਰਾਂ ਤੋਂ ਵਸੂਲੀ ਗਈ ਫੀਸ ਵੀ ਵਾਪਸ ਕਰਨੀ ਪਵੇਗੀ। ਸਕੂਲ ਨਾ ਤਾਂ ਇਸ ਸੈਸ਼ਨ ਲਈ ਅਤੇ ਨਾ ਹੀ ਅਗਲੇ ਸਾਲ ਲਈ ਦਾਖਲਾ ਲੈ ਸਕੇਗਾ।