ਦੇਸ਼ ਭਰ ‘ਚ ਪੈ ਰਹੀ ਧੁੰਦ ਕਾਰਨ ਸੜਕ ਹਾਦਸੇ ਵਧਦੇ ਜਾ ਰਹੇ ਹਨ. ਤਾਜ਼ਾ ਮਾਮਲਾ ਤਰਨਤਾਰਨ ‘ਤੋਂ ਸਾਹਮਣੇ ਆਇਆ ਹੈ। ਇੱਥੇ ਬੱਸ ਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ ਹੋਈ ਹੈ। ਇਸ ਹਾਦਸੇ ਵਿੱਚ 35 ਲੋਕ ਜ਼ਖਮੀ ਹੋਏ ਹਨ ਤੇ ਨਾਲ ਹੀ ਚਾਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਖਮੀਆਂ ਵਿੱਚ ਪੰਜਾਬ ਪੁਲਿਸ ਦੀਆਂ ਮਹਿਲਾ ਕਾਂਸਟੇਬਲ ਤੇ ਸਿਹਤ ਵਿਭਾਗ ਨਾਲ ਸਬੰਧਤ ਕੁਝ ਮੁਲਾਜ਼ਮ ਸ਼ਾਮਲ ਹਨ। ਹਾਦਸੇ ਦਾ ਪਤਾ ਲੱਗਦੇ ਹੀ ਨੈਸ਼ਨਲ ਹਾਈਵੇਅ ਦੀ ਐਂਬੂਲੈਂਸ ਮੌਕੇ ‘ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਸਿਵਲ ਹਸਪਤਾਲ ਦੀ SMO ਡਾ. ਨੀਰਜ ਲਤਾ ਨੇ ਦੱਸਿਆ ਕਿ ਚਾਰ ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਨ੍ਹਾਂ ਨੂੰ ਅੰਮ੍ਰਿਤਸਰ ਰੈਫ਼ਰ ਕੀਤਾ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਹਾਦਸਾ ਬੁੱਧਵਾਰ ਸਵੇਰੇ 9:30 ਵਜੇ ਵਾਪਰਿਆ। ਧੁੰਦ ਦੌਰਾਨ ਜੰਮੂ ਕਸ਼ਮੀਰ ਰਾਜਸਥਾਨ ਨੈਸ਼ਨਲ ਹਾਈਵੇਅ ‘ਤੇ ਸਥਿਤ ਪਿੰਡ ਠੱਠੀਆਂ ਮਹਾਨਤਾ ਕੋਲ ਇੱਕ ਟਰੱਕ ਸੜਕ ਕਿਨਾਰੇ ਰੁਕ ਗਿਆ। ਇਸੇ ਦੌਰਾਨ ਨਿਊ ਦੀਪ ਬੱਸ ਟਰਾਂਸਪੋਰਟ ਕੰਪਨੀ ਦੀ ਇਕ ਬੱਸ ਅੰਮ੍ਰਿਤਸਰ ਤੋਂ ਬਠਿੰਡਾ ਜਾ ਰਹੀ ਸੀ। ਬੱਸ ‘ਚ ਕਰੀਬ 40 ਲੋਕ ਸਵਾਰ ਸਨ। ਧੁੰਦ ਕਾਰਨ ਬੱਸ ਚਾਲਕ ਸੜਕ ਕਿਨਾਰੇ ਖੜ੍ਹੇ ਟਰੱਕ ਨੂੰ ਨਹੀਂ ਦੇਖ ਸਕਿਆ, ਜਿਸ ਕਾਰਨ ਬੱਸ ਟਰੱਕ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ ਜਿਸਦੇ ਚੱਲਦੇ ਇਸ ਟੱਕਰ ‘ਚ 35 ਲੋਕ ਜ਼ਖਮੀ ਹੋਏ ਹਨ। ਥਾਣਾ ਸਰਹਾਲੀ ਦੇ ਇੰਚਾਰਜ ਇੰਸਪੈਕਟਰ ਕਮਲਜੀਤ ਰਾਏ ਦਾ ਕਹਿਣਾ ਹੈ ਕਿ ਹਾਦਸੇ ਵਾਲੀ ਥਾਂ ‘ਤੇ ਪਹੁੰਚ ਕੇ ਟਰੱਕ ਨੂੰ ਕਬਜ਼ੇ ‘ਚ ਲੈ ਲਿਆ ਗਿਆ ਹੈ।