ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਹੇ ਭਰਤ ਇੰਦਰ ਸਿੰਘ ਚਾਹਲ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿਚ ਬੀਤੇ ਦਿਨ ਵਿਜੀਲੈਂਸ ਸਾਹਮਣੇ ਪੇਸ਼ ਹੋਏ। ਇਸ ਦੌਰਾਨ ਅਧਿਕਾਰੀਆਂ ਨੇ ਉਨ੍ਹਾਂ ਕੋਲੋਂ 4 ਘੰਟੇ ਤੋਂ ਵੱਧ ਸਮੇਂ ਤੱਕ ਪੁੱਛਗਿੱਛ ਕੀਤੀ। ਵਿਜੀਲੈਂਸ ਅਧਿਕਾਰੀਆਂ ਨੇ ਕਿਹਾ ਕਿ ਭਰਤ ਇੰਦਰ ਸਿੰਘ ਚਾਹਲ ਨੂੰ ਅਗਲੇ ਹਫ਼ਤੇ ਮੁੜ ਪੁੱਛਗਿੱਛ ਲਈ ਵਿਜੀਲੈਂਸ ਦਫ਼ਤਰ ਬੁਲਾਇਆ ਜਾ ਸਕਦਾ ਹੈ।
ਦੱਸਣਯੋਗ ਹੈ ਕਿ ਵਿਜੀਲੈਂਸ ਦੀ ਟੀਮ ਨੇ 27 ਸਤੰਬਰ ਨੂੰ ਭਰਤ ਇੰਦਰ ਚਾਹਲ ਦੇ ਘਰ ਛਾਪਾ ਮਾਰਿਆ ਸੀ। ਵਿਜੀਲੈਂਸ ਅਨੁਸਾਰ ਮਾਰਚ 2017 ਤੋਂ ਸਤੰਬਰ 2021 ਤਕ ਦੀ ਆਮਦਨ ਤੇ ਖਰਚੇ ਦੀ ਜਾਂਚ ਕੀਤੀ ਗਈ ਜਿਸ ਵਿੱਚ ਪਤਾ ਲੱਗਾ ਕਿ ਪਰਿਵਾਰ ਦੀ ਕੁੱਲ ਆਮਦਨ 7 ਕਰੋੜ 85 ਲੱਖ 16 ਹਜ਼ਾਰ 905 ਰੁਪਏ ਸੀ। ਜਦੋਂ ਖਰਚੇ ਦਾ ਹਿਸਾਬ ਲਾਇਆ ਗਿਆ ਤਾਂ ਖਰਚਾ 31 ਕਰੋੜ 79 ਲੱਖ 89 ਹਜ਼ਾਰ 11 ਰੁਪਏ ਸੀ। ਇਸ ਕਾਰਨ ਵਿਜੀਲੈਂਸ ਨੇ ਭਰਤ ਇੰਦਰ ਚਾਹਲ ਖਿਲਾਫ ਮਾਮਲਾ ਦਰਜ ਕੀਤਾ ਹੈ।