ਰਾਮਕਲੀ ਮਹਲਾ ੫ ॥ਮਹਿਮਾ ਨ ਜਾਨਹਿ ਬੇਦ ॥ਬ੍ਰਹਮੇ ਨਹੀ ਜਾਨਹਿ ਭੇਦ ॥ਅਵਤਾਰ ਨ ਜਾਨਹਿ ਅੰਤੁ ॥ਪਰਮੇਸਰੁ ਪਾਰਬ੍ਰਹਮ ਬੇਅੰਤੁ ॥੧॥ਅਪਨੀ ਗਤਿ ਆਪਿ ਜਾਨੈ ॥ਸੁਣਿ ਸੁਣਿ ਅਵਰ ਵਖਾਨੈ ॥੧॥ ਰਹਾਉ ॥ਸੰਕਰਾ ਨਹੀ ਜਾਨਹਿ ਭੇਵ ॥ਖੋਜਤ ਹਾਰੇ ਦੇਵ ॥ਦੇਵੀਆ ਨਹੀ ਜਾਨੈ ਮਰਮ ॥ਸਭ ਊਪਰਿ ਅਲਖ ਪਾਰਬ੍ਰਹਮ ॥੨॥ਅਪਨੈ ਰੰਗਿ ਕਰਤਾ ਕੇਲ ॥ਆਪਿ ਬਿਛੋਰੈ ਆਪੇ ਮੇਲ ॥ਇਕਿ ਭਰਮੇ ਇਕਿ ਭਗਤੀ ਲਾਏ ॥ਅਪਣਾ ਕੀਆ ਆਪਿ ਜਣਾਏ ॥੩॥ਸੰਤਨ ਕੀ ਸੁਣਿ ਸਾਚੀ ਸਾਖੀ ॥ਸੋ ਬੋਲਹਿ ਜੋ ਪੇਖਹਿ ਆਖੀ ॥ਨਹੀ ਲੇਪੁ ਤਿਸੁ ਪੁੰਨਿ ਨ ਪਾਪਿ ॥ਨਾਨਕ ਕਾ ਪ੍ਰਭੁ ਆਪੇ ਆਪਿ ॥੪॥੨੫॥੩੬॥
ਮਹਿਮਾ = ਵਡਿਆਈ। ਨ ਜਾਨਹਿ = ਨਹੀਂ ਜਾਣਦੇ {ਬਹੁ-ਵਚਨ}। ਬੇਦ = ਚਾਰੇ ਵੇਦ {ਬਹੁ-ਵਚਨ}। ਬ੍ਰਹਮੇ = ਅਨੇਕਾਂ ਬ੍ਰਹਮਾ {ਬਹੁ-ਵਚਨ}। ਭੇਦ = (ਪਰਮਾਤਮਾ ਦੇ) ਦਿਲ ਦੀ ਗੱਲ। ਗਤਿ = ਹਾਲਤ। ਜਾਨੈ = ਜਾਣਦਾ ਹੈ। ਸੁਣਿ = ਸੁਣ ਕੇ। ਅਵਰ = ਹੋਰਨਾਂ ਪਾਸੋਂ। ਵਖਾਨੈ = (ਜਗਤ) ਬਿਆਨ ਕਰਦਾ ਹੈ ॥੧॥ ਰਹਾਉ ॥ ਸੰਕਰ = ਅਨੇਕਾਂ ਸ਼ਿਵ। ਭੇਵ = ਭੇਦ। ਹਾਰੇ = ਥੱਕ ਗਏ। ਜਾਨੈ = ਜਾਣਦੀ। ਮਰਮ = ਭੇਦ। ਅਲਖ = ਅਲੱਖ, ਜਿਸ ਦਾ ਸਹੀ ਸਰੂਪ ਬਿਆਨ ਨਾਹ ਕੀਤਾ ਜਾ ਸਕੇ ॥੨॥ ਅਪਨੈ ਰੰਗਿ = ਆਪਣੀ ਮੌਜ ਵਿਚ। ਕਰਤਾ = ਕਰਦਾ ਰਹਿੰਦਾ ਹੈ। ਕੇਲ = ਖੇਲ, ਕੌਤਕ, ਤਮਾਸ਼ੇ। ਬਿਛੋਰੈ = ਵਿਛੋੜਦਾ ਹੈ। ਆਪੇ = ਆਪ ਹੀ। ਇਕਿ = {ਬਹੁ-ਵਚਨ ਲਫ਼ਜ਼ ‘ਇਕ’ ਤੋਂ} ਅਨੇਕ ਜੀਵ। ਭਰਮੇ = ਭਰਮ ਵਿਚ ਹੀ। ਕੀਆ = ਪੈਦਾ ਕੀਤਾ ਹੋਇਆ (ਜਗਤ)। ਜਣਾਏ = ਸੂਝ ਦੇਂਦਾ ਹੈ ॥੩॥ ਸਾਚੀ ਸਾਖੀ = ਸਦਾ ਕਾਇਮ ਰਹਿਣ ਵਾਲੀ ਗੱਲ। ਸੋ = ਉਹ ਕੁਝ। ਬੋਲਹਿ = ਬੋਲਦੇ ਹਨ {ਬਹੁ-ਵਚਨ}। ਪੇਖਹਿ = ਵੇਖਦੇ ਹਨ। ਆਖੀ = (ਆਪਣੀਆਂ) ਅੱਖਾਂ ਨਾਲ।
ਲੇਪੁ = ਪ੍ਰਭਾਵ, ਅਸਰ। ਪੁੰਨਿ = ਪੁੰਨ ਨੇ। ਪਾਪਿ = ਪਾਪ ਨੇ।
ਆਪੇ ਆਪਿ = ਆਪਣੇ ਵਰਗਾ ਆਪ ਹੀ ਆਪ ॥੪॥੨੫॥੩੬॥
ਹੇ ਭਾਈ! ਪ੍ਰਭੂ ਕੇਡਾ ਵੱਡਾ ਹੈ-ਇਹ ਗੱਲ (ਚਾਰੇ) ਵੇਦ (ਭੀ) ਨਹੀਂ ਜਾਣਦੇ। ਅਨੇਕਾਂ ਬ੍ਰਹਮਾ ਭੀ (ਉਸ ਦੇ) ਦਿਲ ਦੀ ਗੱਲ ਨਹੀਂ ਜਾਣਦੇ। ਸਾਰੇ ਅਵਤਾਰ ਭੀ ਉਸ (ਪਰਮਾਤਮਾ ਦੇ ਗੁਣਾਂ) ਦਾ ਅੰਤ ਨਹੀਂ ਜਾਣਦੇ। ਹੇ ਭਾਈ! ਪਾਰਬ੍ਰਹਮ ਪਰਮੇਸਰ ਬੇਅੰਤ ਹੈ ॥੧॥ (ਹੇ ਭਾਈ!) ਪਰਮਾਤਮਾ ਕਿਹੋ ਜਿਹਾ ਹੈ-ਇਹ ਗੱਲ ਉਹ ਆਪ ਹੀ ਜਾਣਦਾ ਹੈ।
(ਜੀਵ) ਹੋਰਨਾਂ ਪਾਸੋਂ ਸੁਣ ਸੁਣ ਕੇ ਹੀ (ਪਰਮਾਤਮਾ ਬਾਰੇ) ਜ਼ਿਕਰ ਕਰਦਾ ਰਹਿੰਦਾ ਹੈ ॥੧॥ ਰਹਾਉ ॥ (ਹੇ ਭਾਈ!) ਅਨੇਕਾਂ ਸ਼ਿਵ ਜੀ ਪਰਮਾਤਮਾ ਦੇ ਦਿਲ ਦੀ ਗੱਲ ਨਹੀਂ ਜਾਣਦੇ, ਅਨੇਕਾਂ ਦੇਵਤੇ ਉਸ ਦੀ ਖੋਜ ਕਰਦੇ ਕਰਦੇ ਥੱਕ ਗਏ। ਦੇਵੀਆਂ ਵਿਚੋਂ ਭੀ ਕੋਈ ਉਸ ਪ੍ਰਭੂ ਦਾ ਭੇਦ ਨਹੀਂ ਜਾਣਦੀ। ਹੇ ਭਾਈ! ਪਰਮਾਤਮਾ ਸਭਨਾਂ ਤੋਂ ਵੱਡਾ ਹੈ, ਉਸ ਦੇ ਸਹੀ ਸਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ ॥੨॥ (ਹੇ ਭਾਈ!) ਪਰਮਾਤਮਾ ਆਪਣੀ ਮੌਜ ਵਿਚ (ਜਗਤ ਦੇ ਸਾਰੇ) ਕੌਤਕ ਕਰ ਰਿਹਾ ਹੈ, ਪ੍ਰਭੂ ਆਪ ਹੀ (ਜੀਵਾਂ ਨੂੰ ਆਪਣੇ ਚਰਨਾਂ ਤੋਂ) ਵਿਛੋੜਦਾ ਹੈ, ਆਪ ਹੀ ਮਿਲਾਂਦਾ ਹੈ। ਅਨੇਕਾਂ ਜੀਵਾਂ ਨੂੰ ਉਸ ਨੇ ਭਟਕਣਾ ਵਿਚ ਪਾਇਆ ਹੋਇਆ ਹੈ, ਤੇ ਅਨੇਕਾਂ ਜੀਵਾਂ ਨੂੰ ਆਪਣੀ ਭਗਤੀ ਵਿਚ ਜੋੜਿਆ ਹੋਇਆ ਹੈ। (ਇਹ ਜਗਤ ਉਸ ਦਾ) ਆਪਣਾ ਹੀ ਪੈਦਾ ਕੀਤਾ ਹੋਇਆ ਹੈ, (ਇਸ ਨੂੰ ਉਹ) ਆਪ ਹੀ ਸੂਝ ਬਖ਼ਸ਼ਦਾ ਹੈ ॥੩॥ (ਹੇ ਭਾਈ!) ਸੰਤ-ਜਨਾਂ ਬਾਰੇ ਇਹ ਸੱਚੀ ਗੱਲ ਸੁਣ। ਸੰਤ ਜਨ ਉਹ ਕੁਝ ਆਖਦੇ ਹਨ ਜੋ ਉਹ ਆਪਣੀਆਂ ਅੱਖਾਂ ਨਾਲ ਵੇਖਦੇ ਹਨ। (ਸੰਤ ਜਨ ਆਖਦੇ ਹਨ ਕਿ) ਉਸ ਪਰਮਾਤਮਾ ਉਤੇ ਨਾਹ ਕਿਸੇ ਪੁੰਨ ਨੇ ਨਾਹ ਕਿਸੇ ਪਾਪ ਨੇ (ਕਦੇ ਆਪਣਾ) ਪ੍ਰਭਾਵ ਪਾਇਆ ਹੈ। ਹੇ ਭਾਈ! ਨਾਨਕ ਦਾ ਪਰਮਾਤਮਾ (ਆਪਣੇ ਵਰਗਾ) ਆਪ ਹੀ ਆਪ ਹੈ ॥੪॥੨੫॥੩੬॥
ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!